ਆਪਣੇ ਅਕਾਊਂਟ ਦੀ ਵਰਤੋਂ ਹੀ ਨਹੀਂ ਕਰਦੇ 35 ਫੀਸਦੀ ਬੈਂਕ ਖਾਤਾ ਧਾਰਕ

Friday, Jul 18, 2025 - 10:39 AM (IST)

ਆਪਣੇ ਅਕਾਊਂਟ ਦੀ ਵਰਤੋਂ ਹੀ ਨਹੀਂ ਕਰਦੇ 35 ਫੀਸਦੀ ਬੈਂਕ ਖਾਤਾ ਧਾਰਕ

ਨਵੀਂ ਦਿੱਲੀ- ਵਿਸ਼ਵ ਬੈਂਕ ਦੀ ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ’ਚ ਇਕ ਤਿਹਾਈ ਤੋਂ ਵੱਧ ਬੈਂਕ ਖਾਤਾ ਧਾਰਕ ਆਪਣੇ ਖਾਤਿਆਂ ਦੀ ਵਰਤੋਂ ਨਹੀਂ ਕਰ ਰਹੇ ਹਨ, ਯਾਨੀ ਕਿ ਇਹ ਗੈਰ-ਸਰਗਰਮ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨ ਧਨ ਯੋਜਨਾ ਤਹਿਤ ਵੱਡੀ ਗਿਣਤੀ ’ਚ ਖੋਲ੍ਹੇ ਗਏ ਖਾਤੇ ਭਾਰਤ ’ਚ ਗੈਰ-ਸਰਗਰਮ ਖਾਤਿਆਂ ਦੀ ਵੱਡੀ ਗਿਣਤੀ ਦਾ ਇਕ ਸੰਭਾਵੀ ਕਾਰਨ ਮੰਨਿਆ ਜਾ ਸਕਦਾ ਹੈ। ਇਕ ਗੈਰ-ਸਰਗਰਮ ਖਾਤਾ ਉਸ ਨੂੰ ਮੰਨਿਆ ਜਾਂਦਾ ਹੈ, ਜਿਸ ’ਚ ਗਾਹਕ ਵੱਲੋਂ ਇਕ ਨਿਸ਼ਚਿਤ ਸਮੇਂ (ਆਮ ਤੌਰ ’ਤੇ 12 ਮਹੀਨੇ) ਤੱਕ ਕੋਈ ਲੈਣ-ਦੇਣ ਨਾ ਕੀਤਾ ਗਿਆ ਹੋਵੇ। ਰਿਪੋਰਟ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਕਿ ਸਰਵੇਖਣ ’ਚ ਸ਼ਾਮਲ ਦੂਜੇ ਵਿਕਾਸਸ਼ੀਲ ਦੇਸ਼ਾਂ ਨਾਲੋਂ ਭਾਰਤ ’ਚ ਗੈਰ-ਸਰਗਰਮ ਉਪਭੋਗਤਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਰਿਪੋਰਟ ’ਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਾਲ 2021 ’ਚ ਦੇਸ਼ ਦੇ ਕੁੱਲ ਖਾਤਾ ਧਾਰਕਾਂ ’ਚੋਂ 35 ਫੀਸਦੀ ਖਾਤਾ ਧਾਰਕਾਂ ਦੇ ਬੈਂਕ ਖਾਤੇ ਗੈਰ-ਸਰਗਰਮ ਸਨ। ਇਹ ਦਰ ਦੂਜੇ ਵਿਕਾਸਸ਼ੀਲ ਦੇਸ਼ਾਂ ’ਚ 5 ਫੀਸਦੀ ਦੀ ਔਸਤ ਨਾਲੋਂ 7 ਗੁਣਾ ਵੱਧ ਹੈ।

ਜਨ ਧਨ ਯੋਜਨਾ ਨਾਲ ਵਧੀ ਖਾਤਿਆਂ ਦੀ ਗਿਣਤੀ

ਵਿਸ਼ਵ ਬੈਂਕ ਦੀ ਇਹ ਰਿਪੋਰਟ ਦੇਸ਼ ’ਚ ਖਾਤਿਆਂ ਦੀ ਉੱਚ ਪੱਧਰੀ ਅਕਿਰਿਆਸ਼ੀਲਤਾ ਲਈ ਅਗਸਤ 2014 ਵਿਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵੱਲ ਇਸ਼ਾਰਾ ਕਰਦੀ ਹੈ। ਇਸ ਸਰਕਾਰੀ ਯੋਜਨਾ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਰਸਮੀ ਬੈਂਕਿੰਗ ਨਾਲ ਜੋੜਨਾ ਸੀ। ਰਿਪੋਰਟ ਦੇ ਅਨੁਸਾਰ ਇਸ ਪ੍ਰੋਗਰਾਮ ਨੇ ਅਪ੍ਰੈਲ 2022 ਤੱਕ ਰਸਮੀ ਬੈਂਕਿੰਗ ਪ੍ਰਣਾਲੀ ਵਿਚ 45 ਕਰੋੜ ਵਾਧੂ ਭਾਰਤੀਆਂ ਨੂੰ ਸ਼ਾਮਲ ਕੀਤਾ। ਹਾਲਾਂਕਿ ਵੱਡੀ ਗਿਣਤੀ ਵਿਚ ਖਾਤੇ ਖੋਲ੍ਹੇ ਜਾਣ ਦੇ ਬਾਵਜੂਦ ਖਾਤਿਆਂ ਦੀ ਸਰਗਰਮ ਵਰਤੋਂ ਦੀ ਘਾਟ ਹੁਣ ਇਕ ਨਵੀਂ ਚੁਣੌਤੀ ਵਜੋਂ ਉੱਭਰੀ ਹੈ।

ਖਾਤੇ ਦੀ ਵਰਤੋਂ ਕਰਨ ਲਈ ਪੈਸੇ ਨਹੀਂ

ਰਿਪੋਰਟ ’ਚ ਖਾਤੇ ਦੀ ਵਰਤੋਂ ਨਾ ਕਰਨ ਦੇ ਕਾਰਨਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ। ਸਰਵੇਖਣ ’ਚ ਗੈਰ-ਸਰਗਰਮ ਖਾਤਿਆਂ ਵਾਲਿਆਂ ਨੇ ਇਸ ਲਈ ਬੈਂਕ ਜਾਂ ਵਿੱਤੀ ਸੰਸਥਾ ਤੋਂ ਦੂਰੀ, ਵਿੱਤੀ ਸੰਸਥਾਵਾਂ ’ਚ ਵਿਸ਼ਵਾਸ ਦੀ ਘਾਟ ਅਤੇ ਖਾਤੇ ਦੀ ਕੋਈ ਖਾਸ ਜ਼ਰੂਰਤ ਮਹਿਸੂਸ ਨਾ ਹੋਣ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਸਰਵੇਖਣ ’ਚ ਲੱਗਭਗ 40 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਖਾਤੇ ਦੀ ਵਰਤੋਂ ਕਰਨ ਲਈ ਲੋੜੀਂਦੇ ਪੈਸੇ ਨਹੀਂ ਹਨ, ਜਦਕਿ ਲੱਗਭਗ 30 ਫੀਸਦੀ ਨੇ ਮੰਨਿਆ ਕਿ ਉਹ ਆਪਣੇ ਖਾਤੇ ਦੀ ਵਰਤੋਂ ਕਰਨ ਵਿਚ ਸਹਿਜ ਮਹਿਸੂਸ ਨਹੀਂ ਕਰਦੇ ਹਨ।

ਔਰਤਾਂ ਦੇ ਗੈਰ-ਸਰਗਰਮ ਖਾਤਿਆਂ ਦੀ ਗਿਣਤੀ ਜ਼ਿਆਦਾ

ਇਹ ਰਿਪੋਰਟ ਲਿੰਗ ਅਸਮਾਨਤਾ ਦੇ ਅੰਕੜਿਆਂ ’ਤੇ ਵੀ ਹਮਲਾ ਕਰਦੀ ਹੈ। ਵਿਕਾਸਸ਼ੀਲ ਦੇਸ਼ਾਂ ’ਚ ਔਸਤਨ ਮਹਿਲਾ ਖਾਤਾ ਧਾਰਕਾਂ ਦੇ ਖਾਤੇ ਮਰਦਾਂ ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਗੈਰ-ਸਰਗਰਮ ਪਾਏ ਗਏ ਪਰ ਭਾਰਤ ’ਚ ਇਹ ਅੰਤਰ ਬਹੁਤ ਵੱਡਾ ਹੈ। ਇੱਥੇ ਗੈਰ-ਸਰਗਰਮ ਖਾਤਾ ਰੱਖਣ ਵਾਲੀਆਂ ਮਹਿਲਾ ਖਾਤਾ ਧਾਰਕਾਂ (42 ਫੀਸਦੀ) ਅਤੇ ਗੈਰ-ਸਰਗਰਮ ਖਾਤਾ ਰੱਖਣ ਵਾਲੇ ਪੁਰਸ਼ ਖਾਤਾ ਧਾਰਕਾਂ (30 ਫੀਸਦੀ) ਵਿਚਾਲੇ 12 ਫੀਸਦੀ ਦਾ ਵੱਡਾ ਅੰਤਰ ਹੈ। ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਗੈਰ-ਸਰਗਰਮ ਖਾਤਾ ਰੱਖਣ ਵਾਲੀਆਂ 34 ਫੀਸਦੀ ਔਰਤਾਂ ਨੇ ਕਿਹਾ ਕਿ ਉਹ ਆਪਣੇ ਖਾਤੇ ਦੀ ਵਰਤੋਂ ਕਰਨ ’ਚ ਸਹਿਜ ਨਹੀਂ ਹਨ। ਉਥੇ ਹੀ ਮਰਦਾਂ ’ਚ ਇਹ ਅੰਕੜਾ 26 ਫੀਸਦੀ ਸੀ। ਇਹ ਰਿਪੋਰਟ ਕੋਵਿਡ-19 ਮਹਾਮਾਰੀ ਦੌਰਾਨ 123 ਦੇਸ਼ਾਂ ’ਚ ਲੱਗਭਗ 1.28 ਲੱਖ ਬਾਲਗਾਂ ਦੇ ਸਰਵੇਖਣ ’ਤੇ ਆਧਾਰਿਤ ਹੈ। ਵਿਸ਼ਵ ਪੱਧਰ ’ਤੇ 2021 ਤੱਕ 76 ਫੀਸਦੀ ਬਾਲਗਾਂ ਦਾ ਕਿਸੇ ਬੈਂਕ ਜਾਂ ਹੋਰ ਸੰਸਥਾ ਵਿਚ ਖਾਤਾ ਸੀ। ਉਸੇ ਸਮੇਂ ਇਹ ਅੰਕੜਾ ਸਾਲ 2011 ਵਿਚ 51 ਫੀਸਦੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News