10 ਗ੍ਰਾਮ Gold ''ਤੇ ਕਿੰਨਾ Loan ਲੈ ਸਕਦੇ ਹੋ? ਆਸਾਨ ਭੁਗਤਾਨ ਨਾਲ ਮਿਲਣਗੀਆਂ ਕਈ ਸਹੂਲਤਾਂ
Tuesday, Feb 10, 2026 - 02:41 PM (IST)
ਵੈੱਬ ਡੈਸਕ : ਅਜੋਕੇ ਸਮੇਂ 'ਚ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਆਮ ਆਦਮੀ ਲਈ ਨਵਾਂ ਸੋਨਾ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਪਰ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਸੋਨਾ ਮੌਜੂਦ ਹੈ ਤਾਂ ਇਹ ਮੁਸ਼ਕਲ ਸਮੇਂ ਵਿੱਚ ਤੁਹਾਡਾ ਸਭ ਤੋਂ ਵੱਡਾ ਰਖਵਾਲਾ ਬਣ ਸਕਦਾ ਹੈ। ਬੈਂਕਾਂ 'ਚ ਸੋਨਾ ਜਮ੍ਹਾਂ ਕਰਵਾ ਕੇ ਤੁਸੀਂ ਲੱਖਾਂ ਰੁਪਏ ਦਾ ਲੋਨ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਸੋਨੇ 'ਤੇ ਲੋਨ ਲੈਣ ਦੀ ਪ੍ਰਕਿਰਿਆ ਕੀ ਹੈ ਅਤੇ ਇਸ 'ਤੇ ਕਿੰਨਾ ਵਿਆਜ ਦੇਣਾ ਪੈਂਦਾ ਹੈ।
ਕਿੰਨਾ ਮਿਲਦਾ ਹੈ ਲੋਨ?
ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਅਨੁਸਾਰ, ਬੈਂਕ ਸੋਨੇ ਦੀ ਕੁੱਲ ਕੀਮਤ ਦਾ ਇੱਕ ਨਿਸ਼ਚਿਤ ਫੀਸਦੀ ਹੀ ਲੋਨ ਵਜੋਂ ਦਿੰਦੇ ਹਨ, ਜਿਸ ਨੂੰ 'ਲੋਨ-ਟੂ-ਵੈਲਿਊ' (LTV) ਕਿਹਾ ਜਾਂਦਾ ਹੈ। 2.5 ਲੱਖ ਰੁਪਏ ਤੱਕ ਦੇ ਲੋਨ ਲਈ ਸੋਨੇ ਦੀ ਕੀਮਤ ਦਾ 85 ਫੀਸਦੀ ਤੱਕ ਮਿਲ ਸਕਦਾ ਹੈ। 2.5 ਲੱਖ ਤੋਂ 5 ਲੱਖ ਰੁਪਏ ਤੱਕ ਬੈਂਕ 80 ਫੀਸਦੀ ਤੱਕ ਲੋਨ ਦਿੰਦੇ ਹਨ। 5 ਲੱਖ ਤੋਂ ਵੱਧ ਦੀ ਰਾਸ਼ੀ ਲਈ ਸਿਰਫ 75 ਫੀਸਦੀ ਤੱਕ ਹੀ ਲੋਨ ਮਿਲਦਾ ਹੈ।
ਉਦਾਹਰਨ ਲਈ, ਜੇਕਰ ਤੁਹਾਡੇ ਕੋਲ 10 ਗ੍ਰਾਮ 22 ਕੈਰੇਟ ਸੋਨਾ ਹੈ ਅਤੇ ਉਸਦੀ ਬਜ਼ਾਰੀ ਕੀਮਤ 1.40 ਲੱਖ ਰੁਪਏ ਹੈ ਤਾਂ ਤੁਹਾਨੂੰ ਲਗਭਗ 1.19 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ। ਗੋਲਡ ਲੋਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੀ ਵਿਆਜ ਦਰ ਪਰਸਨਲ ਲੋਨ ਨਾਲੋਂ ਕਾਫੀ ਘੱਟ ਹੁੰਦੀ ਹੈ। SBI, HDFC ਅਤੇ ICICI ਵਰਗੇ ਪ੍ਰਮੁੱਖ ਬੈਂਕਾਂ ਵਿੱਚ ਵਿਆਜ ਦਰਾਂ 8.5 ਫੀਸਦੀ ਤੋਂ 12 ਫੀਸਦੀ ਦੇ ਵਿਚਕਾਰ ਹਨ। SBI 'ਚ ਇਹ ਦਰ 8.70 ਫੀਸਦੀ ਤੋਂ ਸ਼ੁਰੂ ਹੁੰਦੀ ਹੈ। ਦੂਜੇ ਪਾਸੇ, ਕੁਝ ਗੈਰ-ਵਿੱਤੀ ਕੰਪਨੀਆਂ (NBFCs) 9.5% ਤੋਂ 18% ਤੱਕ ਵਿਆਜ ਵਸੂਲਦੀਆਂ ਹਨ।
ਭੁਗਤਾਨ ਦੇ ਤਰੀਕੇ ਤੇ ਹੋਰ ਸਹੂਲਤਾਂ
ਬੈਂਕਾਂ ਨੇ ਲੋਨ ਮੋੜਨ ਲਈ ਕਈ ਸੁਵਿਧਾਵਾਂ ਦਿੱਤੀਆਂ ਹਨ। ਜਿਵੇਂ ਤੁਸੀਂ ਹਰ ਮਹੀਨੇ ਕਿਸ਼ਤਾਂ ਰਾਹੀਂ ਭੁਗਤਾਨ ਕਰ ਸਕਦੇ ਹੋ। ਤੁਸੀਂ ਸਾਲ ਦੇ ਅੰਤ ਵਿੱਚ ਇਕੱਠਾ ਵਿਆਜ ਅਤੇ ਮੂਲ ਰਕਮ ਮੋੜ ਸਕਦੇ ਹੋ। ਕੁਝ ਥਾਵਾਂ 'ਤੇ ਓਵਰਡਰਾਫਟ ਦੀ ਸਹੂਲਤ ਵੀ ਉਪਲਬਧ ਹੈ। ਜੇਕਰ ਤੁਸੀਂ 1 ਲੱਖ ਰੁਪਏ ਦਾ ਲੋਨ 8.7 ਫੀਸਦੀ ਵਿਆਜ 'ਤੇ 12 ਮਹੀਨਿਆਂ ਲਈ ਲੈਂਦੇ ਹੋ, ਤਾਂ ਤੁਹਾਡੀ EMI ਲਗਭਗ 7,000 ਰੁਪਏ ਹੋਵੇਗੀ।
ਸਾਵਧਾਨੀਆਂ ਅਤੇ ਜ਼ਰੂਰੀ ਗੱਲਾਂ
ਬੈਂਕ ਲੋਨ ਦੇਣ ਤੋਂ ਪਹਿਲਾਂ ਸੋਨੇ ਦੇ ਭਾਰ ਅਤੇ ਸ਼ੁੱਧਤਾ ਦੀ ਜਾਂਚ ਕਰਦਾ ਹੈ। ਯਾਦ ਰਹੇ ਕਿ ਜੇਕਰ ਤੁਹਾਡੇ ਗਹਿਣਿਆਂ ਵਿੱਚ ਪੱਥਰ, ਮੋਤੀ ਜਾਂ ਕੋਈ ਹੋਰ ਧਾਤ ਲੱਗੀ ਹੈ, ਤਾਂ ਉਸਦਾ ਭਾਰ ਘਟਾ ਦਿੱਤਾ ਜਾਵੇਗਾ; ਬੈਂਕ ਸਿਰਫ ਸ਼ੁੱਧ ਸੋਨੇ 'ਤੇ ਹੀ ਲੋਨ ਦਿੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਸੀਂ ਸਮੇਂ ਸਿਰ ਲੋਨ ਨਹੀਂ ਚੁਕਾਉਂਦੇ, ਤਾਂ ਬੈਂਕ ਨੂੰ ਤੁਹਾਡੇ ਸੋਨੇ ਦੀ ਨੀਲਾਮੀ ਕਰਨ ਦਾ ਅਧਿਕਾਰ ਹੁੰਦਾ ਹੈ। ਇਸ ਲਈ, ਹਮੇਸ਼ਾ ਆਪਣੀ ਚੁਕਾਉਣ ਦੀ ਸਮਰੱਥਾ ਅਨੁਸਾਰ ਹੀ ਲੋਨ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
