ਭਲਕੇ ਭਾਰਤ ਬੰਦ, ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ, ਜਾਣੋ ਪੂਰੀ ਅਪਡੇਟ

Wednesday, Feb 11, 2026 - 04:37 PM (IST)

ਭਲਕੇ ਭਾਰਤ ਬੰਦ, ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ, ਜਾਣੋ ਪੂਰੀ ਅਪਡੇਟ

ਨਵੀਂ ਦਿੱਲੀ: ਦੇਸ਼ ਭਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਨੇ 12 ਫਰਵਰੀ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ। ਇਸ ਹੜਤਾਲ ਵਿੱਚ ਏਆਈਟੀਯੂਸੀ, ਸੀਆਈਟੀਯੂ, ਐੱਚਐੱਮਐੱਸ, ਵਰਗੀਆਂ ਕੇਂਦਰੀ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਸਣੇ ਲਗਭਗ 10 ਜਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ, ਜਿਸ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਬੈਂਕਿੰਗ ਸੇਵਾਵਾਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।

ਕੀ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? 

ਸਰਕਾਰੀ ਤੌਰ 'ਤੇ 12 ਫਰਵਰੀ ਨੂੰ ਕੋਈ ਜਨਤਕ ਛੁੱਟੀ ਨਹੀਂ ਹੈ, ਪਰ ਕਈ ਪ੍ਰਮੁੱਖ ਬੈਂਕ ਕਰਮਚਾਰੀ ਯੂਨੀਅਨਾਂ ਜਿਵੇਂ ਏ. ਆਈ. ਬੀ. ਈ. ਏ., ਏ. ਆਈ. ਬੀ. ਓ. ਏ. ਅਤੇ ਬੀ. ਈ. ਐੱਫ. ਆਈ. ਨੇ ਇਸ ਹੜਤਾਲ ਦਾ ਸਮਰਥਨ ਕੀਤਾ ਹੈ। ਇਸ ਕਾਰਨ ਬੈਂਕਾਂ ਦੇ ਕੰਮਕਾਜ ਅਸਰ ਪੈ ਸਕਦਾ ਹੈ। ਬੈਂਕਾਂ ਵਿੱਚ ਸਰੀਰਕ ਤੌਰ 'ਤੇ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।ਗਾਹਕਾਂ ਨੂੰ ਨਕਦੀ ਕਢਵਾਉਣ ਅਤੇ ਚੈੱਕ ਕਲੀਅਰਿੰਗ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਨਲਾਈਨ ਅਤੇ ਨੈੱਟ ਬੈਂਕਿੰਗ ਸੇਵਾਵਾਂ ਆਮ ਵਾਂਗ ਕੰਮ ਕਰਦੀਆਂ ਰਹਿਣਗੀਆਂ। ਬੈਂਕ ਆਫ਼ ਬੜੌਦਾ ਅਤੇ ਹੋਰ ਬੈਂਕਾਂ ਨੇ ਕਿਹਾ ਹੈ ਕਿ ਉਹ ਸੇਵਾਵਾਂ ਸੁਚਾਰੂ ਰੱਖਣ ਦੀ ਕੋਸ਼ਿਸ਼ ਕਰਨਗੇ, ਪਰ ਗਾਹਕਾਂ ਨੂੰ ਅਗਾਊਂ ਤਿਆਰੀ ਰੱਖਣੀ ਚਾਹੀਦੀ ਹੈ।

ਹੜਤਾਲ ਕਿਉਂ ਕੀਤੀ ਜਾ ਰਹੀ ਹੈ?

ਇਸ ਹੜਤਾਲ ਦੇ ਪਿੱਛੇ ਕਈ ਮੁੱਖ ਮੰਗਾਂ ਹਨ, ਜਿਨ੍ਹਾਂ ਵਿੱਚ 4 ਨਵੇਂ ਲੇਬਰ ਕੋਡਾਂ ਨੂੰ ਰੱਦ ਕਰਨਾ, ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ, ਮਨਰੇਗਾ ਬਜਟ ਵਿੱਚ ਕਟੌਤੀ ਦਾ ਵਿਰੋਧ ਅਤੇ ਪੁਰਾਣੀ ਪੈਨਸ਼ਨ ਯੋਜਨਾ (OPS) ਨੂੰ ਬਹਾਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਬੈਂਕਿੰਗ ਖੇਤਰ ਵਿੱਚ ਸੁਧਾਰਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਹੋਰ ਸੇਵਾਵਾਂ 'ਤੇ ਅਸਰ

  • ਆਵਾਜਾਈ : ਰੋਡਵੇਜ਼ ਅਤੇ ਟਰੱਕ ਯੂਨੀਅਨਾਂ ਦੇ ਸ਼ਾਮਲ ਹੋਣ ਕਾਰਨ ਬੱਸਾਂ ਅਤੇ ਮਾਲ ਢੋਆ-ਢੁਆਈ ਪ੍ਰਭਾਵਿਤ ਹੋ ਸਕਦੀ ਹੈ।
  • ਬਾਜ਼ਾਰ : ਵਪਾਰੀਆਂ ਦੇ ਸੰਗਠਨ ਸੀ. ਏ. ਆਈ. ਟੀ. ਨੇ ਅਜੇ ਤੱਕ ਬੰਦ ਦਾ ਸਮਰਥਨ ਨਹੀਂ ਕੀਤਾ ਹੈ, ਇਸ ਲਈ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਰਹਿਣ ਦੀ ਉਮੀਦ ਹੈ।
  • ਐਮਰਜੈਂਸੀ ਸੇਵਾਵਾਂ : ਹਸਪਤਾਲ, ਐਂਬੂਲੈਂਸ ਅਤੇ ਦਵਾਈਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਰਹਿਣਗੀਆਂ।

author

DILSHER

Content Editor

Related News