ਅਸੀਂ 10 ਸਾਲਾਂ ’ਚ ਔਰਤਾਂ ਲਈ ਜੋ ਕੰਮ ਕੀਤਾ, ਉਹ ਕੋਈ ਸਰਕਾਰ ਨਹੀਂ ਕਰ ਸਕੀ : ਮੋਦੀ

Monday, Aug 26, 2024 - 01:11 AM (IST)

ਜਲਗਾਓਂ (ਮਹਾਰਾਸ਼ਟਰ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਔਰਤਾਂ ਲਈ ਜੋ ਕੰਮ ਕੀਤਾ ਹੈ, ਓਨਾ ਆਜ਼ਾਦੀ ਤੋਂ ਬਾਅਦ ਕਿਸੇ ਵੀ ਪੁਰਾਣੀ ਸਰਕਾਰ ਨੇ ਨਹੀਂ ਕੀਤਾ।

ਮੋਦੀ ਨੇ ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ’ਚ ‘ਲੱਖਪਤੀ ਦੀਦੀ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਖਿਲਾਫ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਲਈ ਕਾਨੂੰਨਾਂ ਨੂੰ ਮਜ਼ਬੂਤ ਕਰ ਰਹੀ ਹੈ।

ਉਨ੍ਹਾਂ ਕਿਹਾ, ‘‘ਸਾਲ 2014 ਤੱਕ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ 25,000 ਕਰੋਡ਼ ਰੁਪਏ ਤੋਂ ਘੱਟ ਕਰਜ਼ੇ ਦਿੱਤੇ ਗਏ ਸਨ ਪਰ ਪਿਛਲੇ 10 ਸਾਲਾਂ ’ਚ 9 ਲੱਖ ਕਰੋਡ਼ ਰੁਪਏ (ਦੇ ਕਰਜ਼ੇ) ਦਿੱਤੇ ਗਏ ਹਨ।’’

ਜਲਗਾਓਂ ’ਚ ‘ਲੱਖਪਤੀ ਦੀਦੀ’ ਨਾਲ ਗੱਲਬਾਤ ਕਰਦੇ ਹੋਏ ਮੋਦੀ ਨੇ 2,500 ਕਰੋਡ਼ ਰੁਪਏ ਦਾ ਫੰਡ ਜਾਰੀ ਕੀਤਾ, ਜਿਸ ਨਾਲ 4.3 ਲੱਖ ਸਵੈ-ਸਹਾਇਤਾ ਗਰੁੱਪਾਂ ਦੇ 48 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਲੱਖਪਤੀ ਦੀਦੀ ਯੋਜਨਾ’ ਦਾ ਉਦੇਸ਼ ਨਾ ਸਿਰਫ ਔਰਤਾਂ ਦੀ ਕਮਾਈ ਵਧਾਉਣਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮਜ਼ਬੂਤ ਬਣਾਉਣਾ ਹੈ।

ਉਨ੍ਹਾਂ ਕਿਹਾ, ‘‘ਤੁਸੀਂ ਸੁਣਿਆ ਹੋਵੇਗਾ ਕਿ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ। ਇਸ ’ਚ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੈ। ਹਾਲਾਂਕਿ ਕੁਝ ਸਾਲ ਪਹਿਲਾਂ ਤੱਕ ਅਜਿਹਾ ਨਹੀਂ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਹਰ ਘਰ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਦੀ ਗਾਰੰਟੀ ਦਿੰਦੀਆਂ ਹਨ ਪਰ ਔਰਤਾਂ ਦੀ ਮਦਦ ਦੀ ਗਾਰੰਟੀ ਦੇਣ ਵਾਲਾ ਕੋਈ ਨਹੀਂ ਸੀ।

ਉਨ੍ਹਾਂ ਕਿਹਾ ਕਿ ਜੇ ਔਰਤਾਂ ਦੇ ਨਾਂ ’ਤੇ ਜਾਇਦਾਦ ਨਾ ਹੁੰਦੀ ਤੇ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲੈਣਾ ਹੁੰਦਾ ਤਾਂ ਉਹ ਇਸ ਦਾ ਲਾਭ ਨਹੀਂ ਲੈ ਸਕਦੀਆਂ ਸਨ। ਅਜਿਹੀ ਸਥਿਤੀ ’ਚ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ’ਚ ਸਮਰੱਥ ਨਹੀਂ ਸਨ। ਇਸ ਲਈ ਮੈਂ ਯਾਨੀ ਤੁਹਾਡੇ ਬੇਟੇ ਅਤੇ ਭਰਾ ਨੇ ਤੁਹਾਡੇ ਜੀਵਨ ਨੂੰ ਆਰਾਮਦਾਇਕ ਬਣਾਉਣ ਦਾ ਸੰਕਲਪ ਲਿਆ। ਅਸੀਂ ਸਾਲ-ਦਰ-ਸਾਲ ਔਰਤਾਂ ਦੇ ਹਿੱਤ ’ਚ ਫੈਸਲੇ ਲਏ।

ਉਨ੍ਹਾਂ ਕਿਹਾ ਕਿ ਜਦੋਂ ਮੈਂ ਲੋਕ ਸਭਾ ਚੋਣਾਂ ਦੌਰਾਨ ਤੁਹਾਡੇ ਕੋਲ ਆਇਆ ਸੀ, ਤਾਂ ਮੈਂ ਵਾਅਦਾ ਕੀਤਾ ਸੀ ਕਿ ਅਸੀਂ 3 ਕਰੋਡ਼ ਭੈਣਾਂ ਨੂੰ ‘ਲੱਖਪਤੀ ਦੀਦੀ’ ਬਣਾਵਾਂਗੇ। ਇਸ ਦਾ ਮਤਲਬ ਹੈ ਕਿ ਜੋ ਔਰਤਾਂ ਸਵੈ-ਸਹਾਇਤਾ ਗਰੁੱਪਾਂ ’ਚ ਕੰਮ ਕਰਦੀਆਂ ਹਨ, ਉਨ੍ਹਾਂ ਦੀ ਸਾਲਾਨਾ ਕਮਾਈ ਇਕ ਲੱਖ ਰੁਪਏ ਤੋਂ ਜ਼ਿਆਦਾ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ 1 ਕਰੋਡ਼ ਲੱਖਪਤੀ ਦੀਦੀ ਬਣੀਆਂ ਅਤੇ ਸਿਰਫ 2 ਮਹੀਨਿਆਂ ’ਚ 11 ਲੱਖ ਹੋਰ ਲੱਖਪਤੀ ਦੀਦੀਆਂ ਜੁੜ ਗਈਆਂ। ਮੋਦੀ ਨੇ ਕਿਹਾ ਕਿ ਸੂਬੇ ਦੀ ਸਥਿਰਤਾ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਮਹਾਗੱਠਜੋੜ ਸਰਕਾਰ ਦੇ ਸਾਲਾਂ ਤੱਕ ਕਾਇਮ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਵਿਕਸਿਤ ਭਾਰਤ ਦਾ ਚਮਕਦਾ ਸਿਤਾਰਾ ਹੈ।’’


Rakesh

Content Editor

Related News