ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਆ ਗਏ ਲੱਕੜਾਂ ਦੇ ਹਜ਼ਾਰਾਂ ਬਲਾਕ ! ਡੈਮ ''ਚ ਲੱਗੇ ਢੇਰ
Thursday, Jul 23, 2026 - 04:33 PM (IST)
ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ 'ਚ ਪੈ ਰਹੇ ਭਾਰੀ ਮੋਹਲੇਧਾਰ ਮੀਂਹ ਅਤੇ ਲੈਂਡਸਲਾਈਡ ਕਾਰਨ ਕਮਲੇ, ਹੇਠਲੇ ਸੁਬਾਨਸਿਰੀ ਅਤੇ ਆਲੇ-ਦੁਆਲੇ ਦੇ ਪਹਾੜੀ ਖੇਤਰਾਂ ਦੀਆਂ ਨਦੀਆਂ ਤੇ ਡੈਮਾਂ 'ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ। ਇਸ ਪਾਣੀ ਤੇ ਲੈਂਡਸਲਾਈਡ ਕਾਰਨ ਪਹਾੜਾਂ ਤੋਂ ਵੱਡੀ ਗਿਣਤੀ 'ਚ ਪੁੱਟੇ ਗਏ ਰੁੱਖ, ਮਲਬਾ ਅਤੇ ਲੱਕੜਾਂ ਦੇ ਵੱਡੇ-ਵੱਡੇ ਟੋਟੇ ਵਹਿ ਕੇ ਕਮਲਾ ਨਦੀ ਤੇ ਨੇੜਲੇ ਹਾਈਡ੍ਰੋਇਲੈਕਟ੍ਰਿਕ ਡੈਮਾਂ 'ਚ ਜਮ੍ਹਾਂ ਹੋ ਰਹੇ ਹਨ।
ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜੰਗਲਾਂ 'ਚੋਂ ਵੱਡੇ-ਵੱਡੇ ਰੁੱਖ ਅਤੇ ਲੱਕੜਾਂ ਵਹਿ ਕੇ ਕਮਲਾ ਨਦੀ ਅਤੇ ਹੋਰ ਨਦੀਆਂ ਵਿੱਚ ਆ ਰਹੀਆਂ ਹਨ, ਜਿਸ ਨਾਲ ਡੈਮਾਂ ਦੇ ਫਲੱਡ ਗੇਟਾਂ 'ਚ ਬਲਾਕੇਜ ਦਾ ਖ਼ਤਰਾ ਬਣ ਗਿਆ ਹੈ। ਲੈਂਡਸਲਾਈਡ ਕਾਰਨ ਕਈ ਥਾਈਂ ਨਦੀਆਂ ਦੇ ਰਸਤੇ 'ਚ ਲੱਕੜਾਂ, ਪੱਥਰਾਂ ਅਤੇ ਮਿੱਟੀ ਜਮ੍ਹਾ ਹੋਣ ਕਾਰਨ ਪਾਣੀ ਦਾ ਪੱਧਰ ਅਚਾਨਕ ਵਧ ਰਿਹਾ ਹੈ।
ਆਫ਼ਤ ਪ੍ਰਬੰਧਨ ਅਤੇ ਸਬੰਧਤ ਹਾਈਡ੍ਰੋ ਕੰਪਨੀਆਂ ਦੀਆਂ ਟੀਮਾਂ ਡੈਮਾਂ ਤੋਂ ਮਲਬਾ ਹਟਾਉਣ ਅਤੇ ਸਥਿਤੀ 'ਤੇ ਨਜ਼ਰ ਰੱਖਣ ਵਿੱਚ ਜੁਟੀਆਂ ਹੋਈਆਂ ਹਨ, ਪਰ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਮਲਬਾ ਹਟਾਉਣਾ ਵੀ ਬੇਹੱਦ ਮੁਸ਼ਕਲ ਹੋ ਰਿਹਾ ਹੈ।
