ਜੰਮੂ-ਕਸ਼ਮੀਰ ਨੂੰ 90 ਦੇ ਦਹਾਕੇ ''ਚ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ : ਤਰੁਣ ਚੁਘ

Sunday, Dec 25, 2022 - 06:13 PM (IST)

ਜੰਮੂ-ਕਸ਼ਮੀਰ ਨੂੰ 90 ਦੇ ਦਹਾਕੇ ''ਚ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ : ਤਰੁਣ ਚੁਘ

ਸ਼੍ਰੀਨਗਰ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਤਰੁਣ ਚੁਘ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਿਆਉਣ ਲਈ ਕੇਂਦਰ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ। ਭਾਜਪਾ ਕਸ਼ਮੀਰ ਦੇ 3 ਸਿਆਸੀ ਪਰਿਵਾਰਾਂ ਵੱਲੋਂ 90 ਦੇ ਦਹਾਕੇ ਦਾ ਜੰਮੂ-ਕਸ਼ਮੀਰ ਬਣਾਉਣ ਦੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। 

ਸ਼੍ਰੀਨਗਰ 'ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨੇ ਜੰਮੂ-ਕਸ਼ਮੀਰ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ 'ਚ ਵੱਡੀ ਭੂਮਿਕਾ ਨਿਭਾਈ ਹੈ। ਪਰ ਜਿਨ੍ਹਾਂ ਤਿੰਨ ਪਰਿਵਾਰਾਂ ਨੇ ਆਪਣੇ ਸ਼ਾਸਨ 'ਚ ਆਮ ਲੋਕਾਂ ਦਾ ਜੀਵਨ ਬਰਬਾਦ ਕੀਤਾ, ਉਹ ਆਪਣੇ ਸਿਆਸੀ ਲਾਹੇ ਲਈ ਅਨਿਸ਼ਚਿਤਤਾਵਾਂ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਚੁਘ ਨੇ ਕਿਹਾ ਕਿ ਅਬਦੁੱਲਾ, ਮੁਫਤੀ ਅਤੇ ਗਾਂਧੀ ਪਰਿਵਾਰ ਕਸ਼ਮੀਰ ਨੂੰ 90 ਦੇ ਦਹਾਕੇ 'ਚ ਵਾਪਸ ਲਿਆਉਣਾ ਚਾਹੁੰਦੇ ਹਨ। ਭਾਜਪਾ ਇਨ੍ਹਾਂ ਤਿੰਨਾਂ ਵੰਸ਼ਵਾਦੀ ਸਿਆਸੀ ਪਾਰਟੀਆਂ ਨੂੰ ਕਸ਼ਮੀਰ 'ਚ ਹਿੰਸਾ ਵਾਪਸ ਲਿਆਉਣ ਦੀ ਇਜਾਜ਼ਤ ਨਹੀਂ ਦੇਵੇਗੀ। 

ਇਹ ਪਾਰਟੀਆਂ ਵਿਕਾਸ ਅਤੇ ਸ਼ਾਂਤੀ ਦੀ ਪ੍ਰਕਿਰਿਆ 'ਚ ਵੱਡੀ ਰੁਕਾਵਟ ਹਨ। ਪਿਛਲੇ ਸੱਤ ਦਹਾਕਿਆਂ ਤੋਂ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਹਰ ਵਸੀਲੇ ਨੂੰ ਲੁੱਟਿਆ ਹੈ। ਇਸ ਤੋਂ ਇਲਾਵਾ ਉਸ ਨੇ ਪੈੱਨ, ਕਿਤਾਬ ਅਤੇ ਲੈਪਟਾਪ ਦੀ ਬਜਾਏ ਨੌਜਵਾਨਾਂ ਦੇ ਹੱਥਾਂ 'ਚ ਏ.ਕੇ.-47, ਪੱਥਰ ਅਤੇ ਗ੍ਰਨੇਡ ਫੜਾ ਦਿੱਤੇ।

ਭਾਜਪਾ ਨੇ ਜੰਮੂ-ਕਸ਼ਮੀਰ ਨੂੰ ਸੈਰ-ਸਪਾਟੇ ਦੀ ਰਾਜਧਾਨੀ ਬਣਾ ਦਿੱਤਾ। ਇਸ ਸਾਲ ਲੱਖਾਂ ਸੈਲਾਨੀ ਕਸ਼ਮੀਰ ਆਏ ਸਨ। ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਖ਼ਤਮ ਕੀਤਾ ਗਿਆ। ਜੰਮੂ-ਕਸ਼ਮੀਰ ਵਿਚ ਹਰ ਖੇਤਰ 'ਚ ਵਿਕਾਸ ਹੋ ਰਿਹਾ ਹੈ। ਭਾਜਪਾ ਨੇ ਜੰਮੂ-ਕਸ਼ਮੀਰ 'ਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਦਾ ਰਾਹ ਪੱਧਰਾ ਕੀਤਾ। ਚੋਣਾਂ ਬਾਰੇ ਭਾਜਪਾ ਨੇਤਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਸ ਹੈ ਕਿ ਵਿਧਾਨ ਸਭਾ ਚੋਣਾਂ ਜਲਦੀ ਹੀ ਹੋਣਗੀਆਂ। 


author

Tanu

Content Editor

Related News