ਬੱਚਿਆਂ ਖਾਤਰ ਨੌਕਰੀ ਕਰਦੀ ਸੀ ਮਹਿਲਾ, ਸਹੁਰੇ ਨੇ ਸੜਕ ਵਿਚਕਾਰ ਕੱਟੀ ਗਰਦਨ
Saturday, Mar 17, 2018 - 09:44 AM (IST)
ਅਲਵਰ — ਰਾਜਸਥਾਨ ਦੇ ਅਲਵਰ ਜ਼ਿਲੇ 'ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਝੂਠੀ ਸ਼ਾਨ ਖਾਤਰ ਇਕ ਸਹੁਰੇ ਨੇ ਆਪਣੀ ਨੂੰਹ ਦੀ ਤਲਵਾਰ ਨਾਲ ਕੱਟ ਦੇ ਹੱਤਿਆ ਕਰ ਦਿੱਤੀ। ਮਹਿਲਾ(ਨੂੰਹ) ਦੀ ਗਲਤੀ ਸਿਰਫ ਇਹ ਸੀ ਕਿ ਉਹ ਘਰੋਂ ਬਾਹਰ ਜਾ ਕੇ ਨੌਕਰੀ ਕਰਦੀ ਸੀ ਜੋ ਕਿ ਸਹੁਰੇ ਨੂੰ ਰਾਜਪੂਤਾਨਾ ਸ਼ਾਨ ਦੇ ਖਿਲਾਫ ਲੱਗਦਾ ਸੀ। ਇਸੇ ਗੱਲ ਤੋਂ ਨਰਾਜ਼ ਸਹੁਰੇ ਨੇ ਆਪਣੀ ਨੂੰਹ ਦੀ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਸ਼ਾਹਜਹਾਂਪੁਰ ਨਿਵਾਸੀ ਊਸ਼ਾ ਦੇਵੀ(32) ਆਪਣੇ ਪਤੀ ਅਤੇ 2 ਬੱਚਿਆਂ ਨਾਲ ਰਹਿੰਦੀ ਸੀ। ਬੱਚਿਆਂ ਦੀ ਪੜ੍ਹਾਈ ਵਧੀਆ ਢੰਗ ਨਾਲ ਹੋ ਜਾਵੇ ਇਸ ਲਈ ਊਸ਼ਾ ਨੇ ਘਰੋਂ ਬਾਹਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੁਆਂਢੀਆਂ ਅਨੁਸਾਰ ਊਸ਼ਾ ਦੇ ਨੌਕਰੀ ਕਰਨ ਤੋਂ ਉਸਦੇ ਸਹੁਰੇ ਪਰਿਵਾਰ ਵਾਲੇ ਨਾਖੁਸ਼ ਸਨ। ਸਹੁਰਾ ਪਰਿਵਾਰ ਵਾਲੇ ਉਸਨੂੰ ਨੌਕਰੀ ਕਰਨ ਤੋਂ ਰੋਕਦੇ ਸਨ ਪਰ ਉਹ ਨਹੀਂ ਮੰਨਦੀ ਸੀ। ਇਸ ਗੱਲ ਨੂੰ ਲੈ ਕੇ ਊਸ਼ਾ ਦਾ ਤਾਇਆ ਸਹੁਰਾ ਮਾਮਰਾਜ ਕਈ ਵਾਰ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ।

ਘਟਨਾ ਦੇ ਦਿਨ ਊਸ਼ਾ ਕੰਮ 'ਤੇ ਜਾਣ ਲਈ ਵਾਹਨ ਦੇ ਇੰਤਜ਼ਾਰ 'ਚ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਮਾਮਰਾਜ ਉਥੇ ਆਇਆ ਅਤੇ ਊਸ਼ਾ ਦੀ ਗਰਦਨ 'ਤੇ ਵਾਰ ਕਰ ਦਿੱਤਾ। ਤਲਵਾਰ ਲੱਗਦੇ ਹੀ ਊਸ਼ਾ ਚੀਕਦੀ ਹੋਈ ਜ਼ਮੀਨ 'ਤੇ ਡਿੱਗ ਗਈ। ਉਸਦੇ ਥੱਲ੍ਹੇ ਡਿੱਗਣ ਤੋਂ ਬਾਅਦ ਵੀ ਦੋਸ਼ੀ ਨੇ ਤਲਵਾਰ ਨਾਲ ਊਸ਼ਾ 'ਤੇ ਤਿੰਨ-ਚਾਰ ਵਾਰ ਹੋਰ ਹਮਲਾ ਕੀਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਊਸ਼ਾ ਸੜਕ ਦੇ ਵਿਚਕਾਰ ਤੜਫੀ ਰਹੀ ਪਰ ਕੋਈ ਵੀ ਉਸਦੀ ਸਹਾਇਤਾ ਲਈ ਅੱਗੇ ਨਹੀਂ ਆਇਆ ਲੋਕ ਸਿਰਫ ਤਮਾਸ਼ਾ ਹੀ ਦੇਖਦੇ ਰਹੇ। ਮੌਕੇ 'ਤੇ ਪਹੁੰਚੀ ਪੁਲਸ ਨੇ ਊਸ਼ਾ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਊਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
