ਜੰਮੂ ''ਚ ਪਹਿਲੀ ਵਾਰ ਰਾਤ ਦੀ ਡਿਊਟੀ ਲਈ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ

05/03/2023 7:45:15 PM

ਜੰਮੂ- ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਜੰਮੂ ਸ਼ਹਿਰ ਦੀਆਂ ਵੱਖ-ਵੱਖ ਅਹਿਮ ਚੌਕੀਆਂ 'ਤੇ ਰਾਤ ਸਮੇਂ ਮਹਿਲਾ ਕਾਂਸਟੇਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਕਦਮ ਨਾਲ ਨਸ਼ਾ ਤਸਕਰੀ ਵਿਚ ਸ਼ਾਮਲ ਔਰਤਾਂ ਦਾ ਪਤਾ ਲਗਾਉਣਾ ਵੀ ਆਸਾਨ ਹੋ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਵਾਰ ਮਹਿਲਾ ਕਾਂਸਟੇਬਲਾਂ ਨੂੰ ਰਾਤ ਸਮੇਂ ਤਾਇਨਾਤ ਕੀਤਾ ਗਿਆ ਹੈ।

ਇਕ ਮਹਿਲਾ ਹੈੱਡ ਕਾਂਸਟੇਬਲ ਨੇ ਕਿਹਾ ਕਿ ਰਾਤ ਨੂੰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਨੂੰ ਸ਼ਹਿਰ ਦੇ ਵੱਖ-ਵੱਖ ਨਾਕਿਆਂ 'ਤੇ ਤਾਇਨਾਤ ਕੀਤਾ ਗਿਆ ਹੈ। ਅਨੀਤਾ ਨਾਮ ਦੀ ਇਕ ਪੁਲਸ ਮੁਲਾਜ਼ਮ ਨੇ ਕਿਹਾ ਕਿ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਰਾਤ ਦੇ ਸਮੇਂ ਔਰਤਾਂ ਦੀ ਉਚਿਤ ਤਲਾਸ਼ੀ ਲੈਣ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਡਿਊਟੀ ਹੈ ਕਿ ਅਸੀਂ ਮਹਿਲਾ ਨਿਵਾਸੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀਏ ਤਾਂ ਜੋ ਕੋਈ ਗੈਰ-ਕਾਨੂੰਨੀ ਗਤੀਵਿਧੀ ਨਾ ਹੋਵੇ ਕਿਉਂਕਿ ਪੁਰਸ਼ (ਕਾਂਸਟੇਬਲ) ਔਰਤਾਂ ਕੋਲੋਂ ਜ਼ਿਆਦਾ ਸਵਾਲ ਨਹੀਂ ਪੁੱਛ ਸਕਦੇ।

ਪੁਲਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ, ਇਹ ਕਦਮ ਨਾ ਸਿਰਫ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਲਈ, ਸਗੋਂ ਔਰਤਾਂ ਦੁਆਰਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਹੈ। 

ਸੂਤਰਾਂ ਮੁਤਾਬਕ, ਸ਼ਹਿਰ 'ਚ ਨਵੀਂ ਵਿਵਸਥਾ ਤਹਿਤ ਪੁਰਸ਼ ਪੁਲਸ ਮੁਲਾਜ਼ਮਾਂ ਦੇ ਨਾਲ 50-60 ਮਹਿਲਾ ਕਾਂਸਟੇਬਲਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ। ਔਰਤਾਂ ਨੇ ਵੀ ਜੰਮੂ-ਕਸ਼ਮੀਰ ਪੁਲਸ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ। 


Rakesh

Content Editor

Related News