ਔਰਤਾਂ ਅਤੇ ਮੁਸਲਿਮ ਵੋਟਰਾਂ ਨੇ ਬਿਹਾਰ ’ਚ ਖੋਲ੍ਹ ਦਿੱਤੀ ਰਾਜਗ ਦੀ ਕਿਸਮਤ, ਚਲਿਆ ਤੁਰੁਪ ਦਾ ਪੱਤਾ
Saturday, Nov 15, 2025 - 06:23 PM (IST)
ਜਲੰਧਰ (ਅਨਿਲ ਪਾਹਵਾ) - ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਗ ਦੀ ਜਿੱਤ ਅਚਾਨਕ ਨਹੀਂ ਸੀ, ਸਗੋਂ ਕਈ ਸਮਾਜਿਕ, ਆਰਥਿਕ ਅਤੇ ਸਿਆਸੀ ਕਾਰਕਾਂ ਦੇ ਸੁਮੇਲ ਦਾ ਨਤੀਜਾ ਸੀ। ਦੂਜੇ ਪਾਸੇ, ਮਹਾਗੱਠਜੋੜ ਇਨ੍ਹਾਂ ਮੁੱਦਿਆਂ ਨੂੰ ਸਮਝਣ ਵਿਚ ਅਸਫਲ ਰਿਹਾ। ਆਓ, ਸਮਝਦੇ ਹਾਂ ਕਿ ਕਿਸ ਤਰ੍ਹਾਂ ਦੇ ਕੁੱਝ ਮਸਲਿਆਂ ਨੇ ਰਾਜਗ ਦਾ ਰਾਹ ਸੌਖਾ ਕੀਤਾ ਅਤੇ ਵਿਰੋਧੀ ਧਿਰ ਨੂੰ ਪਿੱਛੇ ਧੱਕ ਦਿੱਤਾ।
ਪੜ੍ਹੋ ਇਹ ਵੀ : ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ ਲਿਖਤੀ ਟੈਸਟ
ਔਰਤ ਵੋਟਰਾਂ ਦਾ ਜ਼ੋਰਦਾਰ ਸਮਰਥਨ
ਔਰਤਾਂ ਲਈ ਚਲਾਈਆਂ ਯੋਜਨਾਵਾਂ ਨੇ ਇਨ੍ਹਾਂ ਚੋਣਾਂ ਵਿਚ ਫੈਸਲਾਕੁੰਨ ਭੂਮਿਕਾ ਨਿਭਾਈ। ਲੱਖਾਂ ਔਰਤਾਂ ਦੇ ਖਾਤਿਆਂ ਵਿਚ ਸਿੱਧੀ ਪਹੁੰਚੀ ਆਰਥਿਕ ਸਹਾਇਤਾ ਅਤੇ ਸ਼ਰਾਬਬੰਦੀ ਵਰਗੇ ਫੈਸਲਿਆਂ ਨੇ ਨਿਤੀਸ਼ ਕੁਮਾਰ ਸਰਕਾਰ ਪ੍ਰਤੀ ਭਰੋਸਾ ਬਣਾਈ ਰੱਖਿਆ। ਪਿੰਡ-ਪਿੰਡ ਵਿਚ ਔਰਤਾਂ ਨੇ ਕਿਹਾ ਕਿ ਭਾਵੇਂ ਦਿੱਕਤਾਂ ਹੋਣ ਪਰ ਸਾਡੇ ਘਰ ਵਿਚ ਸ਼ਾਂਤੀ ਹੈ। ਮੌਜੂਦਾ ਸਮੇਂ ਬਿਹਾਰ ਵਿਚ 11 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹ ਹਨ, ਜਿਨ੍ਹਾਂ ਨਾਲ 1 ਕਰੋੜ 40 ਲੱਖ ਔਰਤਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚ ਸੀ. ਐੱਮ. ਦੀਦੀਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੈ, ਜਿਨ੍ਹਾਂ ਨੂੰ ਨਿਯਮਤ ਕਰਨ ਦਾ ਵਾਅਦਾ ਗੱਠਜੋੜ ਨੇ ਕੀਤਾ ਸੀ। ਜਦੋਂ ਮਰਦ ਜ਼ਿਆਦਾ ਵੋਟਾਂ ਪਾਉਂਦੇ ਹਨ ਤਾਂ ਮਹਾਗਠਜੋੜ ਨੂੰ ਇਸਦਾ ਫਾਇਦਾ ਹੁੰਦਾ ਹੈ । ਇਸਨੂੰ ਪਿਛਲੀਆਂ ਚੋਣਾਂ ਦੇ ਨਤੀਜਿਆਂ ਤੋਂ ਵੀ ਸਮਝਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ : ਜੰਮੂ-ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ
ਪਿਛਲੀਆਂ ਚੋਣਾਂ ਦੇ ਪਹਿਲੇ ਪੜਾਅ ’ਚ ਮਰਦਾਂ (56.8 ਫੀਸਦੀ) ਨੇ ਔਰਤਾਂ (54.4 ਫੀਸਦੀ) ਨਾਲੋਂ 2.4 ਫੀਸਦੀ ਵੱਧ ਵੋਟ ਪਾਈ। ਇਸ ਪੜਾਅ ਵਿਚ, ਮਹਾਗੱਠਜੋੜ ਨੇ 71 ਵਿਚੋਂ 47 ਸੀਟਾਂ ਜਿੱਤੀਆਂ। ਦੂਜੇ ਪੜਾਅ ਵਿਚ ਔਰਤਾਂ ਨੇ ਮਰਦਾਂ ਨਾਲੋਂ ਲਗਭਗ 6 ਫੀਸਦੀ ਵੱਧ ਵੋਟਾਂ ਪਾਈਆਂ। ਉਦੋਂ ਮਹਾਗੱਠਜੋੜ 94 ਵਿਚੋਂ ਸਿਰਫ਼ 42 ਸੀਟਾਂ ਹੀ ਜਿੱਤ ਸਕਿਆ, ਰਾਜਗ ਨੂੰ ਵੱਧ ਸੀਟਾਂ ਮਿਲੀਆਂ। ਤੀਜੇ ਪੜਾਅ ਵਿਚ ਦੋਵਾਂ ਦਾ ਫਰਕ 11 ਫੀਸਦੀ ਹੋ ਗਿਆ ਅਤੇ ਮਹਾਗਠਜੋੜ ਨੂੰ ਕਰਾਰੀ ਹਾਰ ਮਿਲੀ। ਤੀਜੇ ਪੜਾਅ ਦੀਆਂ 78 ’ਚੋਂ ਰਾਜਗ ਨੂੰ 52 ਸੀਟਾਂ ਮਿਲੀਆਂ ਭਾਵ ਦੋ-ਤਿਹਾਈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਔਰਤ ਵੋਟ ਕਿੰਨੀ ਅਹਿਮ ਹੈ। ਨਿਤੀਸ਼ ਕੁਮਾਰ ਦਾ ਔਰਤ ਕਾਰਡ ਹੀ ਤੁਰੁਪ ਦਾ ਪੱਤਾ ਸਾਬਤ ਹੋਇਆ। ਬਿਹਾਰ ਚੋਣਾਂ 2025 ਤੋਂ ਪਹਿਲਾਂ ਸਰਕਾਰ ਨੇ ‘ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਸੀ। 7,500 ਕਰੋੜ ਰੁਪਏ ਦੀ ਸਿੱਧੀ ਲਾਭ ਟ੍ਰਾਂਸਫਰ ਯੋਜਨਾ ਨੇ ਜ਼ਮੀਨੀ ਪੱਧਰ ’ ਤੇ ਵੱਡਾ ਅਸਰ ਪਾਇਆ।
ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ
ਮੁਸਲਿਮ ਵੋਟਰ-ਰਣਨੀਤੀ ’ਚ ਉਲਟਫੇਰ
ਇਹ ਸੱਚ ਹੈ ਕਿ ਮੁਸਲਿਮ ਵੋਟਾਂ ਦਾ ਵੱਡਾ ਹਿੱਸਾ ਰਵਾਇਤੀ ਤੌਰ ’ਤੇ ਮਹਾਗੱਠਜੋੜ ਦੇ ਨਾਲ ਜਾਂਦਾ ਰਿਹਾ ਹੈ ਪਰ ਇਸ ਵਾਰ ਕਈ ਹਲਕਿਆਂ ਵਿਚ, ਖਾਸ ਕਰ ਕੇ ਸੀਮਾਂਚਲ ਵਿਚ ਮੁਸਲਿਮ ਵੋਟਾਂ ਦਾ ਧਰੁਵੀਕਰਨ ਉਹੋ ਜਿਹਾ ਨਹੀਂ ਸੀ, ਜਿਹੋ ਜਿਹੀ ਵਿਰੋਧੀ ਧਿਰ ਆਸ ਕਰ ਰਹੀ ਸੀ। ਏ. ਆਈ.ਐੱਮ. ਆਈ. ਐੱਮ., ਛੋਟੀਆਂ ਪਾਰਟੀਆਂ ਅਤੇ ਸਥਾਨਕ ਸਮੀਕਰਨਾਂ ਨੇ ਵੋਟਾਂ ’ਚ ਖਿਲਾਰਾ ਪਿਆ। ਮੁਸਲਿਮ ਵੋਟਰਾਂ ਨੇ ਵੀ ਮਹਾਗੱਠਜੋੜ ਤੋਂ ਕਿਨਾਰਾ ਕਰ ਲਿਆ। ਰੁਝਾਨਾਂ ਵਿਚ ਸੀਮਾਂਚਲ ਦੀਆਂ 24 ਵਿਚੋਂ 18 ਸੀਟਾਂ 'ਤੇ ਰਾਜਗ ਨੂੰ ਬੜ੍ਹਤ ਮਿਲਣਾ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ। ਅਸਦੁਦੀਨ ਓਵੈਸੀ ਨੂੰ ਮਹਾਗੱਠਜੋੜ ਤੋਂ ਬਾਹਰ ਰੱਖਣ ਦੀ ਜ਼ਿੱਦ ਵੀ ਤੇਜਸਵੀ ਨੂੰ ਲੈ ਡੁੱਬੀ। ਓਧਰ, 2 ਕਰੋੜ 41 ਲੱਖ ਜੀਵਿਕ ਦੀਦੀਆਂ ਨੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਜਿਸ ਤਰ੍ਹਾਂ ਆਪਣੀ ਆਰਥਿਕ ਸਥਿਤੀ ਸੁਧਾਰੀ ਹੈ, ਉਹ ਇਕ ਮਿਸਾਲ ਹੈ। ਇਸ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਔਰਤਾਂ ਵੀ ਸ਼ਾਮਲ ਹਨ। ਜਿਨ੍ਹਾਂ 1 ਕਰੋੜ 51 ਲੱਖ ਔਰਤਾਂ ਨੂੰ ਰੁਜ਼ਗਾਰ ਲਈ 10,000 ਰੁਪਏ ਮਿਲੇ ਹਨ ਉਨ੍ਹਾਂ ਵਿਚ ਵੀ ਮੁਸਲਿਮ ਔਰਤਾਂ ਸ਼ਾਮਿਲ ਹਨ। ਵੋਟਾਂ ਦੀ ਗਿਣਤੀ ਦੌਰਾਨ ਮੁਸਲਿਮ ਭਾਈਚਾਰੇ ਦੇ ਇਕ ਸਮੂਹ ਨੇ ਕਿਹਾ ਕਿ ਲਗਭਗ 70 ਫੀਸਦੀ ਮੁਸਲਿਮ ਔਰਤਾਂ ਨੇ ਘਰ ਵਾਲਿਆਂ ਦਾ ਵਿਰੋਧ ਕਰਕੇ ਵੀ ਰਾਜਗ ਨੰ ਵੋਟਾਂ ਪਾਈਆਂ।
ਮਹਿੰਗਾਈ ਦਾ ਮੁੱਦਾ ਕਿਉਂ ਨਹੀਂ ਬਣਿਆ ਹਥਿਆਰ?
ਮਹਿੰਗਾਈ ਵਿਰੋਧੀ ਧਿਰ ਦਾ ਸਭ ਤੋਂ ਵੱਡਾ ਹਥਿਆਰ ਸੀ ਪਰ ਦਿਹਾਤੀ ਬਿਹਾਰ ਵਿਚ ਇਸ ਮੁੱਦੇ ਦਾ ਅਸਰ ਓਨਾ ਤਿੱਖਾ ਨਹੀਂ ਰਿਹਾ। ਲੋਕਾਂ ਲਈ ਰੋਜ਼ਾਨਾ ਦੀਆਂ ਸਹੂਲਤਾਂ, ਸਬਸਿਡੀ ਅਤੇ ਮੁਫਤ ਰਾਸ਼ਨ ਨੇ ਮਹਿੰਗਾਈ ਦੀ ਸੱਟ ਨੂੰ ਕੁਝ ਹੱਦ ਤੱਕ ਘੱਟ ਕੀਤਾ। ਵਿਰੋਧੀ ਧਿਰ ਨੇ ਮਹਿੰਗਾਈ ’ਤੇ ਹਮਲਾ ਤਾਂ ਕੀਤਾ ਪਰ ਇਸ ਨਾਲ ਜੁੜਿਆ ਠੋਸ ਹੱਲ ਨਹੀਂ ਦੇ ਸਕੀ। ਓਧਰ, ਰਾਜਗ ਨੇ ‘ਘਰ-ਘਰ ਯੋਜਨਾ’ ਉਤੇ ਭਰੋਸਾ ਬਣਾਈ ਰੱਖਿਆ, ਜਿਸ ਨਾਲ ਵੋਟਰ ਪੂਰੀ ਤਰ੍ਹਾਂ ਨਾਰਾਜ਼ ਨਹੀਂ ਹੋਏ। ਉਪਰੋਂ ਸਰਕਾਰ ਵੱਲੋਂ ਕੀਤੇ ਗਏ ਜੀ. ਐੱਸ. ਟੀ. ਸੁਧਾਰਾਂ ਅਤੇ ਕਾਰੋਬਾਰੀਆਂ ਨੂੰ ਦਿੱਤੇ ਗਏ ਰਾਹਤ ਪੈਕੇਜਾਂ ਨੇ ਸ਼ਹਿਰੀ -ਅਰਧ ਸ਼ਹਿਰੀ ਵੋਟਰਾਂ 'ਤੇ ਹਾਂਪੱਖੀ ਅਸਰ ਪਾਇਆ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਜਾਤੀ ਸਮੀਕਰਣ ’ਤੇ ਰਾਜਗ ਦਾ ਸਹੀ ਸੰਤੁਲਨ
ਨਤੀਜਿਆਂ ਤੋਂ ਸਪੱਸ਼ਟ ਹੋ ਰਿਹਾ ਕਿ ਇਸ ਵਾਰ ਰਾਜਦ ਦਾ ਮੁਸਲਿਮ ਯਾਦਵ ਸਮੀਕਰਣ ਬਿਲਕੁੱਲ ਖਿੱਲਰ ਗਿਆ ਹੈ। ਰਾਜਦ ਦੀਆਂ ਸੀਟਾਂ ਦੀ ਗਿਣਤੀ 75 ਤੋਂ ਘੱਟ ਕੇ ਲਗਭਗ ਦੋ ਦਰਜਨ ਦੇ ਨੇੜੇ ਦਿਸ ਰਹੀ ਹੈ। ਯਾਦਵ ਪ੍ਰਭਾਵਸ਼ਾਲੀ ਹਲਕਿਆਂ ਵਿਚ ਵੀ ਰਾਜਦ ਦੀ ਹਾਰ ਹੋਈ। ਇਸ ਦਾ ਮਤਲਬ ਹੈ ਕਿ ਯਾਦਵਾਂ ਨੇ ਤੇਜਸਵੀ ਨੂੰ ਮੁੱਖ ਮੰਤਰੀ ਚਿਹਰਾ ਮੰਨਣ ਤੋਂ ਨਾਂਹ ਕਰ ਦਿੱਤੀ ਹੈ। ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਦੇ ਭਰੋਸੇਮੰਦ ਜੋੜੀ ਨੇ ਇਸ ਚੋਣ ਵਿਚ ਵੋਟਰਾਂ ਦੀ ਧਾਰਨਾ ਬਦਲ ਦਿੱਤੀ। ਨੌਜਵਾਨ ਪੀੜ੍ਹੀ ਨੇ ਵਿਕਾਸ ਦੇ ਨਾਂ 'ਤੇ ਵੋਟਾਂ ਪਾਈਆਂ। ਦੂਜੇ ਪਾਸੇ ਜਿੱਥੇ ਰਾਜਗ ਨੇ ਉੱਚ ਜਾਤੀ, ਬਹੁਤ ਪਛੜੇ ਅਤੇ ਦਲਿਤ ਵੋਟਰਾਂ ਵਿਚਕਾਰ ਸੰਤੁਲਨ ਬਣਾਈ ਰੱਖਿਆ, ਮਹਾਂਗੱਠਜੋੜ ਜਾਤੀਗਤ ਲੀਹਾਂ 'ਤੇ ਬਹੁਤ ਜ਼ਿਆਦਾ ਨਿਰਭਰ ਜਾਪਦਾ ਸੀ। ਰਾਜਦ ਵੱਲੋਂ ਇਕ ਜਾਤੀ ਸਮੂਹ ਨੂੰ ਵੱਧ ਟਿਕਟਾਂ ਵੰਡਣ ਨਾਲ ਦੂਜੇ ਭਾਈਚਾਰਿਆਂ ਵਿਚ ਗੁੱਸਾ ਪੈਦਾ ਹੋਇਆ, ਜਿਸਦਾ ਸਿੱਧਾ ਲਾਭ ਰਾਜਗ ਨੂੰ ਹੋਇਆ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਿਕਟਾਂ ਦੀ ਵੰਡ ਤੋਂ ਲੈ ਕੇ ਹੋਰ ਮੁੱਦਿਆਂ ਤੱਕ ਹਰ ਵਿਵਸਥਾ ਦੀ ਨਿਗਰਾਨੀ ਕੀਤੀ ਅਤੇ ਟਿਕਟਾਂ ਵੰਡੀਆਂ, ਜਿਸਦਾ ਲਾਭ ਰਾਜਗ ਨੂੰ ਹੋਇਆ।
ਇੰਡਸਟਰੀ ਅਤੇ ਰੁਜ਼ਗਾਰ
ਬਿਹਾਰ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਤੋਂ ਪਹਿਲਾਂ ਉਦਯੋਗ ਲਗਾਉਣ ਵਾਲਿਆਂ ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਸੀ। ਕੈਬਨਿਟ ਨੇ 100 ਕਰੋੜ ਤੋਂ ਵੱਧ ਨਿਵੇਸ਼ ਅਤੇ 1,000 ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਨੂੰ 10 ਏਕੜ ਮੁਫ਼ਤ ਜ਼ਮੀਨ ਦੇਣ, 1,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਵਾਲਿਆਂ ਨੂੰ 25 ਏਕੜ ਮੁਫ਼ਤ ਜ਼ਮੀਨ ਦੇਣ ਦਾ ਐਲਾਨ ਕੀਤਾ । ਇਸ ਦੇ ਇਲਾਵਾ ਫਾਰਚੂਨ 500 ਕੰਪਨੀਆਂ ਨੂੰ ਸਿਰਫ਼ 1 ਰੁਪਏ ਦੀ ਟੋਕਨ ਮਨੀ ’ਤੇ 10 ਏਕੜ ਤੱਕ ਜ਼ਮੀਨ ਦੇਣ ਦਾ ਵੀ ਐਲਾਨ ਕੀਤਾ। ਛੋਟੇ ਨਿਵੇਸ਼ਕਾਂ ਨੂੰ ਬਿਆੜਾ ਦੀ ਜ਼ਮੀਨ ’ਤੇ 50 ਪ੍ਰਤੀਸ਼ਤ ਛੋਟ ਦੇਣ, ਨਾਲ ਹੀ ਵਿਆਜ ਸਬਸਿਡੀ, ਜੀ. ਐਸ.ਟੀ. ਰਿਫੰਡ ਅਤੇ 30 ਪ੍ਰਤੀਸ਼ਤ ਤੱਕ ਪੂੰਜੀ ਸਬਸਿਡੀ ਵਰਗੇ ਲਾਭ ਵੀ ਮਿਲਣਗੇ। ਇਨ੍ਹਾਂ ਐਲਾਨਾਂ ਨੇ ਰਾਜਗ ਨੂੰ ਕਾਫ਼ੀ ਲਾਭ ਦਿੱਤਾ। ਉਦਯੋਗ ਨਾਲ ਜੁੜੇ ਲੋਕ ਸਰਕਾਰ ਦੇ ਪੱਖ ਵਿਚ ਆ ਗਏ ਓਧਰ, ਰੁਜ਼ਗਾਰ ਵਧਣ ਦੀ ਸੰਭਾਵਨਾਵਾਂ ਨੇ ਵੀ ਜਨਤਾ ਦਾ ਰਾਜਗ ਪ੍ਰਤੀ ਮੋਹ ਵਧਾਇਆ।
