ਔਰਤਾਂ ਖਿਲਾਫ਼ ਜ਼ੁਲਮ ਕਰਨ ਵਾਲੇ ਸੂਬਿਆਂ ਨੇ ਗੂਗਲ ''ਤੇ ਵਧ ਸਰਚ ਕੀਤਾ ''ਨਾਰੀ ਸ਼ਕਤੀ''
Tuesday, Mar 12, 2019 - 01:25 PM (IST)

ਨਵੀਂ ਦਿੱਲੀ— ਆਕਸਫੋਰਡ ਡਿਕਸ਼ਨਰੀ ਨੇ 'ਨਾਰੀ ਸ਼ਕਤੀ' ਸ਼ਬਦ ਨੂੰ 2018 ਦਾ ਹਿੰਦੀ ਸ਼ਬਦ ਚੁਣ ਕੇ ਨਵੀਂ ਪਛਾਣ ਦਿੱਤੀ ਹੈ। 27 ਜਨਵਰੀ ਨੂੰ ਇਹ ਸ਼ਬਦ ਪੱਕੇ ਤੌਰ 'ਤੇ ਡਿਕਸ਼ਨਰੀ 'ਚ ਸ਼ਾਮਲ ਕਰ ਲਿਆ ਗਿਆ। ਇਹ ਪਛਾਣ ਦਿਵਾਉਣ 'ਚ ਯੂ.ਪੀ., ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੇ ਸਭ ਤੋਂ ਵਧ ਯੋਗਦਾਨ ਦਿੱਤਾ। ਗੂਗਲ ਟਰੈਂਡਸ ਅਨੁਸਾਰ ਇਨ੍ਹਾਂ ਰਾਜਾਂ 'ਚ ਨਾਰੀ ਸ਼ਕਤੀ ਸ਼ਬਦ ਗੂਗਲ 'ਤੇ ਸਭ ਤੋਂ ਵਧ ਸਰਚ ਕੀਤਾ ਗਿਆ ਪਰ ਇਨ੍ਹਾਂ ਰਾਜਾਂ 'ਚ ਹੀ ਔਰਤਾਂ ਖਿਲਾਫ ਅਪਰਾਧ ਨਾਲ ਜੁੜੇ ਸਭ ਤੋਂ ਵਧ ਮਾਮਲੇ ਦਰਜ ਕੀਤੇ ਗਏ ਹਨ।
'ਨਾਰੀ ਸ਼ਕਤੀ' ਸ਼ਬਦ ਚੁਣਨ ਪਿੱਛੇ ਹੈ ਦਿਲਚਸਪ ਕਹਾਣੀ
ਦਰਅਸਲ 'ਨਾਰੀ ਸ਼ਕਤੀ' ਸ਼ਬਦ ਨੂੰ ਚੁਣੇ ਜਾਣ ਪਿੱਛੇ ਦਿਲਚਸਪ ਕਹਾਣੀ ਹੈ। ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦਾ ਡਿਜ਼ੀਟਲ ਮਾਰਕੀਟਿੰਗ ਹੈੱਡ ਸਵਾਤੀ ਨੰਦਾ ਦੱਸਦੀ ਹੈ ਕਿ ਕਈ ਸ਼ਬਦ ਨਾਰੀ ਸ਼ਕਤੀ ਦੀ ਤੁਲਨਾ 'ਚ ਗੂਗਲ 'ਤੇ ਜ਼ਿਆਦਾ ਸਰਚ ਕੀਤੇ ਗਏ ਪਰ ਸਬਰੀਮਾਲਾ, ਤਿੰਨ ਤਲਾਕ ਵਰਗੀਆਂ ਘਟਨਾਵਾਂ ਕਾਰਨ ਜੂਰੀ ਮੈਂਬਰਾਂ ਨੇ ਇਸ ਨੂੰ 2018 ਦਾ ਹਿੰਦੀ ਸ਼ਬਦ ਚੁਣਿਆ। ਪੈਨਲ 'ਚ ਸ਼ਾਮਲ ਮੈਂਬਰ ਨਮਿਤਾ ਗੋਖਲੇ ਨੇ ਕਿਹਾ ਕਿ ਸਾਡਾ ਮਕਸਦ ਸੀ ਕਿ ਅਸੀਂ ਜੋ ਵੀ ਸ਼ਬਦ ਚੁਣੇ, ਉਸ ਦਾ ਸਮਾਜ 'ਤੇ ਡੂੰਘਾ ਪ੍ਰਭਾਵ ਹੋਵੇ। ਦੇਸ਼ ਭਰ 'ਚ ਮਹਿਲਾ ਮਜ਼ਬੂਤੀਕਰਨ ਨੂੰ ਲੈ ਕੇ ਹੋ ਰਹੇ ਅੰਦੋਲਨ ਦਰਮਿਆਨ ਇਸ ਸ਼ਬਦ ਨੂੰ ਚੁਣੌਤੀ ਦੇਣ ਦੇ ਸਾਰੇ ਪੈਨਲਿਸਟ ਨਾਰੀ ਸ਼ਕਤੀ 'ਤੇ ਇਕਮਤ ਹੋ ਗਏ। ਆਖਰਕਾਰ ਨਾਰੀ ਸ਼ਕਤੀ ਨੇ ਇਹ ਲੜਾਈ ਜਿੱਤ ਲਈ। ਡਿਕਸ਼ਨਰੀ 'ਚ ਸ਼ਾਮਲ ਹੋਣ ਲਈ 1050 ਸ਼ਬਦਾਂ ਦੀ ਐਂਟਰੀ ਹੋਈ ਸੀ, ਜਿਨ੍ਹਾਂ 'ਚੋਂ 50 ਸ਼ਬਦ ਛਾਂਟ ਕੇ ਪੈਨਲ ਦੇ ਸਾਹਮਣੇ ਰੱਖ ਗਏ। ਇਸ 'ਚ ਗਠਜੋੜ, ਆਯੂਸ਼ਮਾਨ, ਗੋਤਰ, ਪ੍ਰਦੂਸ਼ਣ, ਵਾਤਾਵਰਣ ਵਰਗੇ ਸ਼ਬਦਾਂ ਨੇ ਨਾਰੀ ਸ਼ਕਤੀ ਨੂੰ ਸਖਤ ਟੱਕਰ ਦਿੱਤੀ ਸੀ। ਪੈਨਲ 'ਚ ਆਕਸਫੋਰਡ (ਭਾਰਤ) ਦੇ ਰਣਧੀਰ ਠਾਕੁਰ, ਕ੍ਰਿਤਿਕਾ ਅਗਰਵਾਲ, ਨਮਿਤਾ ਗੋਖਲੇ ਅਤੇ ਸੌਰਭ ਦਿਵੇਦੀ ਸ਼ਾਮਲ ਸਨ।
ਨਾਰੀ ਸ਼ਕਤੀ 'ਤੇ ਕਵਿਤਾ ਸਭ ਤੋਂ ਵਧ ਹੋਈ ਸਰਚ
ਇੰਟਰਨੈੱਟ 'ਤੇ ਨਾਰੀ ਸ਼ਕਤੀ 'ਤੇ ਕਵਿਤਾ ਸਭ ਤੋਂ ਵਧ ਸਰਚ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਾਰੀ ਸ਼ਕਤੀ ਪੁਰਸਕਾਰ ਸਭ ਤੋਂ ਵਧ ਸਰਚ ਕੀਤੇ ਜਾਣ ਵਾਲੇ ਸ਼ਬਦਾਂ 'ਚ ਦੂਜੇ ਨੰਬਰ 'ਤੇ ਰਿਹਾ। ਨਾਰੀ ਸ਼ਕਤੀ 'ਤੇ ਲੇਖ ਤੀਜੇ ਸਥਾਨ 'ਤੇ ਰਿਹਾ। ਨਿਰਾਸ਼ਾਜਨਕ ਗੱਲ ਇਹ ਹੈ ਕਿ ਵਿਮੈਨਜ਼ ਡੇਅ ਕਰੀਬ ਆਉਂਦੇ ਹੀ ਨਾਰੀ ਸ਼ਕਤੀ ਸ਼ਬਦ ਸਭ ਤੋਂ ਵਧ ਸਰਚ ਕੀਤਾ ਜਾਂਦਾ ਹੈ।