ਔਰਤ ''ਚ HMPV ਵਾਇਰਸ ਦੀ ਪੁਸ਼ਟੀ, ਆਸਾਮ ''ਚ ਅਜਿਹਾ ਦੂਜਾ ਮਾਮਲਾ
Tuesday, Jan 21, 2025 - 03:22 PM (IST)
ਗੁਹਾਟੀ- ਗੁਹਾਟੀ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ 75 ਸਾਲਾ ਔਰਤ 'ਚ ਹਿਊਮਨ ਮੈਟਾਨਿਊਮੋਵਾਇਰਸ (HMPV) ਦੀ ਲਾਗ ਦੀ ਪੁਸ਼ਟੀ ਹੋਈ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਸਾਮ 'ਚ ਇਸ ਮੌਸਮ 'ਚ ਵਾਇਰਸ ਇਨਫੈਕਸ਼ਨ ਦਾ ਇਹ ਦੂਜਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ 'ਆਈਸੋਲੇਸ਼ਨ' ਵਿਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਹਾਲਾਂਕਿ ਸੂਬਾ ਸਰਕਾਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾ ਨੂੰ ਕੁਝ ਦਿਨ ਪਹਿਲਾਂ ਸਾਡੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਰੂਟੀਨ ਜਾਂਚ ਦੌਰਾਨ ਸੂਬੇ ਵਿਚ 10 ਮਹੀਨਿਆਂ ਦੇ ਬੱਚੇ ਵਿਚ HMPV ਵਾਇਰਸ ਦੀ ਪੁਸ਼ਟੀ ਹੋਈ ਸੀ। ਲਖੀਮਪੁਰ ਦੇ ਰਹਿਣ ਵਾਲੇ ਬੱਚੇ ਦਾ ਇਸ ਮਹੀਨੇ ਦੇ ਸ਼ੁਰੂ ਵਿਚ ਡਿਬਰੂਗੜ੍ਹ ਦੇ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਲਾਜ ਕੀਤਾ ਗਿਆ ਸੀ।
ਹਿਊਮਨ ਮੈਟਾਨਿਊਮੋਵਾਇਰਸ (HMPV) ਸਾਹ ਸਬੰਧੀ ਵਾਇਰਸਾਂ 'ਚੋਂ ਇਕ ਹੈ ਜੋ ਹਰ ਉਮਰ ਦੇ ਲੋਕਾਂ ਵਿਚ ਲਾਗ ਦਾ ਕਾਰਨ ਬਣ ਸਕਦਾ ਹੈ, ਖਾਸ ਕਰਕੇ ਸਰਦੀਆਂ ਅਤੇ ਬਸੰਤ ਦੇ ਮਹੀਨਿਆਂ ਵਿਚ। ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਵਿਚ ਆਮ ਤੌਰ 'ਤੇ ਹਲਕੇ ਲੱਛਣ ਹੁੰਦੇ ਹਨ ਅਤੇ ਜ਼ਿਆਦਾਤਰ ਮਰੀਜ਼ ਆਪਣੇ ਆਪ ਠੀਕ ਹੋ ਜਾਂਦੇ ਹਨ ਕਿਉਂਕਿ ਵਾਇਰਸ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਕਮਜ਼ੋਰ ਹੋ ਜਾਂਦਾ ਹੈ।