ਪ੍ਰਿਯੰਕਾ ਸਾਹਮਣੇ ਆਸਾਮ ਦੀ ਚੁਣੌਤੀ
Thursday, Mar 05, 2026 - 11:49 PM (IST)
ਨੈਸ਼ਨਲ ਡੈਸਕ- ਕੀ ਪ੍ਰਿਯੰਕਾ ਗਾਂਧੀ ਵਢੇਰਾ ਸਿੱਧੀਆਂ ਮਿਲੀਆਂ ਪ੍ਰਤੀਕਿਰਿਆਵਾਂ ਨੂੰ ਚੋਣਾਵੀ ਤਾਕਤ ’ਚ ਬਦਲ ਸਕਦੀ ਹੈ? ਆਸਾਮ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਉੱਥੇ ਸਕ੍ਰੀਨਿੰਗ ਕਮੇਟੀ ਦੀ ਪ੍ਰਧਾਨ ਵਜੋਂ ਉਨ੍ਹਾਂ ਦੀ ਹਾਲੀਆ ਯਾਤਰਾ ਕੋਈ ਆਮ ਦੌਰਾ ਨਹੀਂ ਸੀ, ਇਹ ਇਕ ਸਿਆਸੀ ਤਰਜੀਹ ਰਣਨੀਤੀ ਸੀ। ਵਿਧਾਇਕਾਂ ਅਤੇ ਜ਼ਿਲਾ ਪ੍ਰਧਾਨਾਂ ਨਾਲ ਹੋਈਆਂ ਨਿੱਜੀ ਮੀਟਿੰਗਾਂ ਵਿਚ ਜ਼ਮੀਨੀ ਪੱਧਰ ਦੇ ਨੇਤਾਵਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। ਟਿਕਟਾਂ ਦੀ ਵੰਡ ਦੀ ਹੋੜ, ਸੁਆਰਥੀ ਖੇਤਰੀ ਰੁਤਬੇਦਾਰ, ਅਸਫਲ ਗੱਠਜੋੜ ਗੱਲਬਾਤ ਅਤੇ ਸਾਬਕਾ ਪੀ.ਸੀ.ਸੀ. ਮੁਖੀ ਭੂਪੇਨ ਕੁਮਾਰ ਬੋਰਾ ਦਾ ਨਿਰਾਸ਼ਾਜਨਕ ਅਸਤੀਫਾ ਕੋਈ ਵੀ ਮੁੱਦਾ ਅਛੂਤਾ ਨਹੀਂ ਰਿਹਾ।
ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਮਾਹੌਲ ਨਿਰਾਸ਼ਾਜਨਕ ਸੀ। ਪ੍ਰਿਯੰਕਾ ਨੇ ਦਿਖਾਵੇ ਦੀ ਬਜਾਏ ਜ਼ਮੀਨੀ ਹਕੀਕਤ ਨੂੰ ਚੁਣਿਆ। ਜ਼ਿਲਾ ਪੱਧਰੀ ਸਲਾਹ-ਮਸ਼ਵਰੇ, ਵੱਖ-ਵੱਖ ਵਰਗਾਂ ਨਾਲ ਸੰਪਰਕ ਅਤੇ ਪ੍ਰਤੱਖ ਜਾਂਚ ਪ੍ਰਕਿਰਿਆ ਤੋਂ ਸੰਕੇਤ ਮਿਲਦਾ ਹੈ ਕਿ ਉਹ ਸਮੱਸਿਆ ਦੀ ਜੜ੍ਹ ਤੱਕ ਜਾਣਾ ਚਾਹੁੰਦੀ ਹੈ ਅਤੇ ਉਸ ਦਾ ਹੱਲ ਵੀ ਖੁਦ ਕਰਨਾ ਚਾਹੁੰਦੀ ਹੈ। ਸਿਆਸੀ ਤੌਰ ’ਤੇ ਉਨ੍ਹਾਂ ਨੇ ਬਾਜ਼ੀ ਪਲਟ ਦਿੱਤੀ ਹੈ। ਜਦੋਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੀ.ਸੀ.ਸੀ. ਮੁਖੀ ਗੌਰਵ ਗੋਗੋਈ ਨੂੰ ਨਿਸ਼ਾਨਾ ਬਣਾਇਆ, ਤਾਂ ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ‘ਸਨਮਾਨ ਦਾ ਪ੍ਰਤੀਕ’ ਦੱਸਿਆ ਅਤੇ ਪਿੱਛੇ ਹਟਣ ਦੀ ਬਜਾਏ ਦ੍ਰਿੜਤਾ ਦਾ ਸਬੂਤ ਦਿੱਤਾ। ਸੱਭਿਆਚਾਰਕ ਸ਼ਖਸੀਅਤ ਜ਼ੁਬੀਨ ਗਰਗ ਦੀ ਯਾਦਗਾਰ ’ਤੇ ਉਨ੍ਹਾਂ ਦੀ ਫੇਰੀ ਨੇ ਇਕ ਭਾਵਨਾਤਮਕ ਸਾਂਝ ਪੈਦਾ ਕੀਤੀ।
ਕੀ ਨਵੇਂ ਸਿਰਿਓਂ ਉੱਭਰਿਆ ਮਨੋਬਲ ਸੰਗਠਨਾਤਮਕ ਅਸਥਿਰਤਾ ’ਤੇ ਕਾਬੂ ਪਾ ਸਕਦਾ ਹੈ? ਕੀ ਕਾਂਗਰਸ ਬਿਨਾਂ ਅੰਦਰੂਨੀ ਕਲੇਸ਼ ਦੇ ਗੱਠਜੋੜ ਬਣਾ ਸਕਦੀ ਹੈ? ਉਨ੍ਹਾਂ ਨੇ ਆਉਂਦੇ ਹੀ ਜ਼ੋਰਦਾਰ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਾਸਾਮ ਵਿਚ ਉਨ੍ਹਾਂ ਦੀ ਜਿੱਤ ਦਾ ਫੈਸਲਾ ਉਨ੍ਹਾਂ ਦੇ ਭਾਸ਼ਣਾਂ ’ਤੇ ਨਹੀਂ, ਸਗੋਂ ਜ਼ਮੀਨੀ ਹਕੀਕਤ ਅਤੇ ਏਕਤਾ ’ਤੇ ਨਿਰਭਰ ਕਰੇਗਾ।
