ਇਹੋ ਜਿਹੀ ਦਰਿੰਦੀ ਮਾਂ ਰੱਬ ਕਿਸੇ ਨੂੰ ਨਾ ਦੇਵੇ, ਘਰ ਵਾਲੇ ਨਾਲ ਹੋਈ ਲੜਾਈ ਤਾਂ....

Friday, Oct 04, 2024 - 05:29 AM (IST)

ਨੈਸ਼ਨਲ ਡੈਸਕ- ਯੂ.ਪੀ. ਦੇ ਗੋਂਡਾ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨਾਲ ਫੋਨ 'ਤੇ ਲੜਾਈ ਹੋਣ ਤੋਂ ਬਾਅਦ ਇਕ ਔਰਤ ਨੇ ਆਪਣੀ 8 ਮਹੀਨਿਆਂ ਦੀ ਬੱਚੀ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਮਾ ਨੂੰ ਗ੍ਰਿਫਤਾਰ ਕਰ ਲਿਆ ਹੈ। 

ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਦੀ 8 ਮਹੀਨਿਆਂ ਦੀ ਧੀ ਲਾਪਤਾ ਹੋ ਗਈ ਹੈ, ਜਿਸ ਤੋਂ ਬਾਅਦ ਪੁਲਸ ਜਾਂਚ 'ਚ ਪਤਾ ਲੱਗਾ ਕਿ ਉਸ ਨੇ ਆਪਣੇ ਪਤੀ ਨਾਲ ਫੋਨ 'ਤੇ ਬਹਿਸ ਹੋਣ ਤੋਂ ਬਾਅਦ ਗੁੱਸੇ 'ਚ ਬੱਚੀ ਦਾ ਕਤਲ ਕਰ ਦਿੱਤਾ ਸੀ। 

ਇਹ ਘਟਨਾ 29 ਸਤੰਬਰ ਨੂੰ ਪਰਸਪੁਰ ਥਾਣਾ ਖੇਤਰ ਦੇ ਅਭੈਪੁਰ ਪਿੰਡ ਦੀ ਹੈ। ਪੁਲਸ ਨੇ ਕਿਹਾ ਕਿ ਬੱਚੀ ਅਕਸਰ ਜੋੜੇ ਦੀ ਬਹਿਸ ਦਾ ਕੇਂਦਰ ਹੁੰਦੀ ਸੀ। ਇਸ ਔਰਤ ਨੂੰ ਕਈ ਵਾਰ ਆਪਣੀ ਧੀ 'ਤੇ ਗੁਆਂਢੀਆਂ ਦੇ ਵਿਅੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ 29 ਸਤੰਬਰ (ਐਤਵਾਰ) ਦੀ ਰਾਤ ਨੂੰ ਉਸ ਦੇ ਪਤੀ ਨਾਲ ਫੋਨ ’ਤੇ ਹੋਈ ਤਕਰਾਰ ਦੇ ਕੁਝ ਘੰਟਿਆਂ ਬਾਅਦ ਹੀ ਔਰਤ ਨੇ ਬੱਚੀ ਨੂੰ ਘਰ ਦੇ ਸੈਪਟਿਕ ਟੈਂਕ ਵਿੱਚ ਸੁੱਟ ਦਿੱਤਾ ਸੀ ਅਤੇ ਅਗਲੀ ਸਵੇਰ ਦਾਅਵਾ ਕੀਤਾ ਸੀ ਕਿ ਬੱਚੀ ਲਾਪਤਾ ਹੋ ਗਈ ਹੈ।

ਬੱਚੀ ਦਾ ਕਤਲ ਕਰਕੇ ਔਰਤ ਨੇ ਬਣਾਇਆ ਬਹਾਨਾ

ਪੁਲਸ ਮੁਤਾਬਕ ਦੋਸ਼ੀ ਔਰਤ ਦਾ ਪਤੀ ਕੰਮ ਦੇ ਸਿਲਸਿਲੇ 'ਚ ਮੁੰਬਈ ਰਹਿੰਦਾ ਹੈ ਜਦਕਿ ਉਸ ਦੀ ਪਤਨੀ ਜਗਮਤੀ ਆਪਣੇ ਸਹੁਰੇ ਨਾਲ ਪਿੰਡ 'ਚ ਰਹਿੰਦੀ ਹੈ। ਗੋਂਡਾ ਦੇ ਐੱਸਪੀ ਵਿਨੀਤ ਜੈਸਵਾਲ ਨੇ ਕਿਹਾ, 'ਸੋਮਵਾਰ ਸਵੇਰੇ ਜਗਮਤੀ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਸ ਦੀ ਧੀ ਸ਼ਗੁਨ ਲਾਪਤਾ ਹੈ। ਉਸ ਨੇ ਦਾਅਵਾ ਕੀਤਾ ਕਿ ਕੋਈ ਜੰਗਲੀ ਜਾਨਵਰ ਉਸ ਨੂੰ ਚੁੱਕ ਕੇ ਲੈ ਗਿਆ ਹੈ।

ਇਸ ਦਾਅਵੇ ਤੋਂ ਬਾਅਦ ਸਥਾਨਕ ਪੁਲਸ ਅਤੇ ਜੰਗਲਾਤ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ। ਜੈਸਵਾਲ ਨੇ ਦੱਸਿਆ ਕਿ ਪੁਲਸ ਨੇ ਬੱਚੀ ਦੀ ਭਾਲ ਲਈ ਖੇਤਾਂ 'ਚ ਡਰੋਨ ਵੀ ਤਾਇਨਾਤ ਕੀਤੇ ਸਨ।

ਸੈਪਟਿਕ ਟੈਂਕ 'ਚ ਮਿਲੀ ਬੱਚੀ ਦੀ ਲਾਸ਼

ਉਨ੍ਹਾਂ ਕਿਹਾ ਕਿ ਹਾਲਾਂਕਿ, ਸੋਮਵਾਰ ਸ਼ਾਮ ਨੂੰ ਬਰਸਾਤੀ ਪਾਣੀ ਦੇ ਨਿਕਾਸ ਤੋਂ ਬਾਅਦ ਬੱਚੀ ਦੀ ਲਾਸ਼ ਜਗਮਤੀ ਦੇ ਘਰ ਦੇ ਪਿੱਛੇ ਇੱਕ ਸੈਪਟਿਕ ਟੈਂਕ ਵਿੱਚ ਮਿਲੀ। ਉਨ੍ਹਾਂ ਕਿਹਾ, 'ਪੋਸਟਮਾਰਟਮ ਰਿਪੋਰਟ 'ਚ ਸੱਟ ਦੇ ਕੋਈ ਸਪੱਸ਼ਟ ਨਿਸ਼ਾਨ ਨਹੀਂ ਸਨ ਅਤੇ ਮੌਤ ਡੁੱਬਣ ਕਾਰਨ ਹੋਈ ਹੈ। ਇਸ ਤੋਂ ਬਾਅਦ ਜਦੋਂ ਪੁਲਸ ਨੇ ਮ੍ਰਿਤਕ ਬੱਚੀ ਦੀ ਮਾਂ ਜਗਮਤੀ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਦੇ ਬਿਆਨਾਂ 'ਚ ਅੰਤਰ ਸੀ।

ਐੱਸਪੀ ਵਿਨੀਤ ਜੈਸਵਾਲ ਨੇ ਕਿਹਾ, 'ਉਸ ਦੇ ਜਵਾਬਾਂ ਨੇ ਸ਼ੱਕ ਪੈਦਾ ਕਰ ਦਿੱਤਾ, ਸਖ਼ਤ ਪੁੱਛਗਿੱਛ ਕਰਨ 'ਤੇ ਉਸਨੇ ਆਪਣੀ ਧੀ ਦਾ ਕਤਲ ਕਰਨ ਦੀ ਗੱਲ ਕਬੂਲੀ।' ਪੁਲਸ ਮੁਤਾਬਕ ਜਗਮਤੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ ਨਾਲ ਪਿਛਲੇ ਇਕ ਸਾਲ ਤੋਂ ਝਗੜਾ ਚੱਲ ਰਿਹਾ ਸੀ। 

ਐੱਸਪੀ ਅਨੁਸਾਰ ਔਰਤ ਨੇ ਖੁਲਾਸਾ ਕੀਤਾ ਕਿ ਘਟਨਾ ਵਾਲੀ ਰਾਤ ਉਸ ਦੀ ਆਪਣੇ ਪਤੀ ਨਾਲ ਫ਼ੋਨ 'ਤੇ ਕਈ ਵਾਰ ਬਹਿਸ ਹੋਈ ਸੀ। ਗੁੱਸੇ 'ਚ ਉਸ ਨੇ ਆਪਣੀ ਧੀ ਨੂੰ ਸੈਪਟਿਕ ਟੈਂਕ 'ਚ ਸੁੱਟ ਦਿੱਤਾ। ਐੱਸਪੀ ਨੇ ਕਿਹਾ, 'ਮਾਂ ਨੂੰ ਆਪਣੀ ਨਵਜੰਮੀ ਧੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।


Rakesh

Content Editor

Related News