ਪਤਨੀ ਦੇ ਸਿਰ ਚੜ੍ਹਿਆ ਆਸ਼ਿਕੀ ਦਾ ਜਨੂੰਨ, ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ ਤੇ ਫਿਰ...
Wednesday, Mar 19, 2025 - 10:33 AM (IST)

ਮੇਰਠ- ਵਿਆਹ ਦੇ ਸੱਤ ਫੇਰਿਆਂ ਦੌਰਾਨ ਜਨਮਾਂ-ਜਨਮਾਂ ਦੀਆਂ ਕਸਮਾਂ ਖਾਣ ਵਾਲੀ ਪਤਨੀ ਹੀ ਪਤੀ ਦੀ ਕਾਤਲ ਬਣ ਗਈ। ਪ੍ਰੇਮੀ ਦੇ ਪਿਆਰ 'ਚ ਪਾਗਲ ਹੋਈ ਇਕ ਪਤਨੀ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਪਲਾਸਟਿਕ ਦੇ ਡਰੰਮ 'ਚ ਭਰ ਦਿੱਤਾ ਅਤੇ ਸੀਮੈਂਟ ਪਾ ਕੇ ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਇੰਦਰਾਨਗਰ ਦਾ ਹੈ। ਮੇਰਠ ਸਿਟੀ ਦੇ SP ਆਯੂਸ਼ ਵਿਕਰਮ ਸਿੰਘ ਮੁਤਾਬਕ ਦੋਸ਼ੀ ਦੀ ਪਛਾਣ ਮੁਸਕਾਨ ਅਤੇ ਸਾਹਿਲ ਵਜੋਂ ਹੋਈ ਹੈ।
ਲਾਸ਼ ਦੇ ਕੀਤੇ 15 ਟੁਕੜੇ
SP ਆਯੂਸ਼ ਨੇ ਦੱਸਿਆ ਕਿ ਮਚੈਂਟ ਨੇਵੀ ਵਿਚ ਕੰਮ ਕਰਨ ਵਾਲਾ ਸੌਰਭ ਰਾਜਪੂਤ ਨਾਮ ਦਾ ਇਕ ਵਿਅਕਤੀ 4 ਮਾਰਚ ਨੂੰ ਘਰ ਆਇਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਮੁਸਕਾਨ ਦੇ ਸਾਹਿਲ ਨਾਮੀ ਨੌਜਵਾਨ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੇ ਮਿਲ ਕੇ ਸੌਰਭ ਦੇ ਕਤਲ ਦੀ ਸਾਜ਼ਿਸ਼ ਰਚੀ। ਦੋਹਾਂ ਨੇ ਮਿਲ ਕੇ ਲਾਸ਼ ਦੇ 15 ਟੁਕੜੇ ਕੀਤੇ ਅਤੇ ਫਿਰ ਉਨ੍ਹਾਂ ਨੂੰ ਡਰੰਮ ਵਿਚ ਭਰ ਕੇ ਸੀਮੈਂਟ ਨਾਲ ਸੀਲ ਕਰ ਦਿੱਤਾ। ਪੁਲਸ ਨੇ ਕਿਹਾ ਕਿ ਦੋਸ਼ੀ ਸਾਹਿਲ ਅਤੇ ਮੁਸਕਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ FIR ਦਰਜ ਕਰ ਲਈ ਗਈ ਹੈ।
ਕਤਲ ਕਰ ਲਾਸ਼ ਨੂੰ ਡਰੰਮ 'ਚ ਪਾ ਸੀਮੈਂਟ ਨਾਲ ਕੀਤਾ ਸੀਲ
ਪੁੱਛਗਿੱਛ ਦੌਰਾਨ ਸਾਹਿਲ ਨੇ ਕਬੂਲ ਕੀਤਾ ਕਿ 4 ਮਾਰਚ ਨੂੰ ਉਸ ਨੇ ਅਤੇ ਮੁਸਕਾਨ ਨੇ ਸੌਰਭ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਲਾਸ਼ ਦੇ ਟੁਕੜੇ ਕਰ ਦਿੱਤੇ, ਇਸ ਨੂੰ ਇਕ ਡਰੰਮ ਵਿਚ ਭਰ ਦਿੱਤਾ ਅਤੇ ਇਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ। ਪੁਲਸ ਨੇ ਲਾਸ਼ ਬਰਾਮਦ ਕਰ ਲਈ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੱਸ ਦੇਈਏ ਕਿ 2016 ਵਿਚ ਸੌਰਭ ਦਾ ਮੁਸਕਾਨ ਨਾਲ ਪ੍ਰੇਮ ਵਿਆਬ ਹੋਇਆ ਸੀ। ਦੋਵਾਂ ਦੇ 5 ਸਾਲ ਦੀ ਧੀ ਪੀਹੂ ਹੈ, ਜੋ ਦੂਜੀ ਜਮਾਤ ਦੀ ਪੜ੍ਹਾਈ ਕਰ ਰਹੀ ਹੈ।
ਇੰਝ ਖੁੱਲ੍ਹਿਆ ਕਤਲ ਦਾ ਰਾਜ
ਪਤੀ ਦਾ ਕਤਲ ਕਰਨ ਮਗਰੋਂ ਕਾਤਲ ਪਤਨੀ ਅਗਲੇ ਦਿਨ ਆਪਣੇ ਪੇਕੇ ਘਰ ਪਹੁੰਚੀ। ਇੱਥੇ ਧੀ ਨੂੰ ਛੱਡਣ ਮਗਰੋਂ ਪ੍ਰੇਮੀ ਨਾਲ ਸ਼ਿਮਲਾ ਘੁੰਮਣ ਗਈ। ਉੱਥੋਂ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਅਸੀਂ ਸੌਰਭ ਨੂੰ ਮਾਰ ਦਿੱਤਾ ਹੈ ਅਤੇ ਮੈਂ ਸਾਹਿਲ ਨਾਲ ਰਹਿਣਾ ਚਾਹੁੰਦੀ ਹਾਂ। ਮਾਂ ਨੇ ਪੁਲਸ ਨੂੰ ਜਵਾਈ ਦੇ ਕਤਲ ਦੀ ਸਾਰੀ ਜਾਣਕਾਰੀ ਦਿੱਤੀ ਤਾਂ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਹੋਇਆ। ਫਿਲਹਾਲ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵਲੋਂ ਅੱਗੇ ਦੀ ਜਾਂਚ ਜਾਰੀ ਹੈ।