ਉੱਡਦੇ ਜਹਾਜ਼ ’ਚ ਬੱਚੀ ਦਾ ਹੋਇਆ ਜਨਮ, ਚਾਲਕ ਦਲ ਦੇ ਮੈਂਬਰਾਂ ਨੇ ਡਿਲਿਵਰੀ ’ਚ ਕੀਤੀ ਮਦਦ
Wednesday, Mar 17, 2021 - 02:20 PM (IST)
ਨਵੀਂ ਦਿੱਲੀ— ਇੰਡੀਗੋ ਦੀ ਬੈਂਗਲੁਰੂ-ਜੈਪੁਰ ਉਡਾਣ ਦੌਰਾਨ ਜਹਾਜ਼ ਵਿਚ ਬੁੱਧਵਾਰ ਨੂੰ ਇਕ ਜਨਾਨੀ ਨੇ ਬੱਚੀ ਨੂੰ ਜਨਮ ਦਿੱਤਾ। ਏਅਰ ਲਾਈਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ’ਚ ਕਿਹਾ ਗਿਆ ਕਿ ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ 6ਈ-469 ’ਚ ਇਕ ਬੱਚੀ ਨੇ ਜਨਮ ਲਿਆ। ਇਸ ਜਹਾਜ਼ ਵਿਚ ਸਵਾਰ ਡਾ. ਸੁਬਹਾਨਾ ਨਜ਼ੀਰ ਅਤੇ ਇੰਡੀਗੋ ਚਾਲਕ ਦਲ ਨੇ ਡਿਲਿਵਰੀ ’ਚ ਮਾਂ ਦੀ ਮਦਦ ਕੀਤੀ ਅਤੇ ਬੱਚੀ ਦਾ ਜਨਮ ਹੋਇਆ।
ਬਿਆਨ ਵਿਚ ਕਿਹਾ ਗਿਆ ਕਿ ਜੈਪੁਰ ਹਵਾਈ ਅੱਡੇ ਨੂੰ ਡਾਕਟਰਾਂ ਅਤੇ ਐਂਬੂਲੈਂਸ ਤਿਆਰ ਰੱਖਣ ਦੀ ਸੂਚਨਾ ਦੇ ਦਿੱਤੀ ਗਈ। ਮਾਂ ਅਤੇ ਬੱਚੀ ਦੋਹਾਂ ਦੀ ਹਾਲਤ ਸਥਿਰ ਹੈ। ਜਹਾਜ਼ ਨੇ ਬੁੱਧਵਾਰ ਸਵੇਰੇ 5.45 ਵਜੇ ਬੈਂਗਲੁਰੂ ਤੋਂ ਉਡਾਣ ਭਰੀ ਸੀ ਅਤੇ 8 ਵਜੇ ਦੇ ਨੇੜੇ-ਤੇੜੇ ਇਹ ਜੈਪੁਰ ਪਹੁੰਚਿਆ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ਵਿਚ ਇਕ ਜਨਾਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ। ਉਦੋਂ ਇੰਡੀਗੋ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਦਿੱਲੀ ਤੋਂ ਬੈਂਗਲੁਰੂ ਲਈ ਉਡਾਣ ਭਰਨ ਵਾਲੀ ਫਲਾਈਟ 6ਈ 122 ’ਚ ਪ੍ਰੀਮੈਚਿਊਰ ਬੱਚੇ ਦਾ ਜਨਮ ਹੋਇਆ ਸੀ।