ਜੰਗਲ ''ਚ ਜੰਜ਼ੀਰਾਂ ਨਾਲ ਬੰਨ੍ਹੀ ਮਿਲੀ 50 ਸਾਲਾ NRI ਔਰਤ, ਹਾਲਤ ਵੇਖ ਆਵੇਗਾ ਤਰਸ

Monday, Jul 29, 2024 - 04:39 PM (IST)

ਮੁੰਬਈ- ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਇਕ ਜੰਗਲ 'ਚ 50 ਸਾਲਾ ਔਰਤ ਲੋਹੇ ਦੀ ਜੰਜ਼ੀਰ ਨਾਲ ਦਰੱਖ਼ਤ ਨਾਲ ਬੰਨ੍ਹੀ ਮਿਲੀ। ਉਸ ਕੋਲੋਂ ਅਮਰੀਕੀ ਪਾਸਪੋਰਟ ਦੀਆਂ ਫੋਟੋ ਕਾਪੀਆਂ ਅਤੇ ਤਾਮਿਲਨਾਡੂ ਦੇ ਪਤੇ ਵਾਲੇ ਆਧਾਰ ਕਾਰਡ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਮੁੰਬਈ ਤੋਂ ਕਰੀਬ 450 ਕਿਲੋਮੀਟਰ ਦੂਰ ਸੋਨੁਰਲੀ ਪਿੰਡ 'ਚ ਚਰਵਾਹੇ ਨੇ ਇਕ ਔਰਤ ਦੇ ਚੀਕਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹੀ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਅਧਿਕਾਰੀ ਨੇ ਕਿਹਾ ਕਿ ਔਰਤ ਨੂੰ ਸਾਵੰਤਵਾੜੀ (ਸੂਬੇ ਦੇ ਕੋਂਕਣ ਖੇਤਰ ਵਿਚ) ਅਤੇ ਫਿਰ ਸਿੰਧੂਦੁਰਗ ਦੇ ਓਰੋਸ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮਾਨਸਿਕ ਅਤੇ ਸਿਹਤ ਦੀ ਸਥਿਤੀ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਗੋਆ ਮੈਡੀਕਲ ਕਾਲਜ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ

ਔਰਤ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਔਰਤ ਮਾਨਸਿਕ ਰੂਪ ਤੋਂ ਪੀੜਤ ਹੈ। ਸਾਨੂੰ ਉਸ ਕੋਲੋ ਮੈਡੀਕਲ ਸਰਟੀਫਿਕੇਟ ਮਿਲਿਆ ਹੈ। ਔਰਤ ਫਿਲਹਾਲ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਔਰਤ ਕੋਲੋਂ ਆਧਾਰ ਕਾਰਡ ਬਰਾਮਦ ਹੋਇਆ ਹੈ, ਜਿਸ 'ਤੇ ਤਾਮਿਲਨਾਡੂ ਦਾ ਪਤਾ ਹੈ, ਸਾਨੂੰ ਉਸ ਕੋਲੋਂ ਉਸ ਦੇ ਅਮਰੀਕੀ ਪਾਸਪੋਰਟ ਦੀ ਫੋਟੋ ਕਾਪੀ ਵੀ ਮਿਲੀ ਹੈ। ਉਸ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਔਰਤ ਦੀ ਪਛਾਣ ਤਾਮਿਲਨਾਡੂ ਦੀ ਰਹਿਣ ਵਾਲੀ ਲਲਿਤਾ ਕਾਈ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕਰਵਾ ਰਹੇ ਹਾਂ ਤਾਂ ਜੋ ਉਸ ਦੀ ਕੌਮੀਅਤ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਨਾਲ ਵੀ ਸੰਪਰਕ ਵਿਚ ਹੈ। 

ਇਹ ਵੀ ਪੜ੍ਹੋ- ਦੁਕਾਨ 'ਚ ਦਾਖ਼ਲ ਹੋ ਕੇ 3 ਨਕਾਬਪੋਸ਼ਾਂ ਨੇ ਕੀਤੀ ਗੋਲੀਬਾਰੀ, 11 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ

ਪੁਲਸ ਨੂੰ ਮਿਲੀ ਮੁਢਲੀ ਜਾਣਕਾਰੀ ਮੁਤਾਬਕ ਉਕਤ ਔਰਤ ਪਿਛਲੇ 10 ਸਾਲਾਂ ਤੋਂ ਭਾਰਤ 'ਚ ਰਹਿ ਰਹੀ ਹੈ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਔਰਤ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ। ਉਹ ਹੁਣ ਕਮਜ਼ੋਰ ਹੈ, ਕਿਉਂਕਿ ਉਸ ਨੇ ਪਿਛਲੇ ਕੁਝ ਦਿਨਾਂ ਤੋਂ ਕੁਝ ਨਹੀਂ ਖਾਧਾ। ਪਿਛਲੇ ਦਿਨੀਂ ਇਲਾਕੇ ਵਿਚ ਭਾਰੀ ਮੀਂਹ ਵੀ ਪਿਆ ਹੈ। ਸਾਨੂੰ ਨਹੀਂ ਪਤਾ ਕਿ ਉਹ ਕਿੰਨੀ ਦੇਰ ਤਕ ਉਸ ਦਰੱਖਤ ਨਾਲ ਬੰਨ੍ਹੀ ਰਹੀ। ਪੁਲਸ ਅਧਿਕਾਰੀ ਮੁਤਾਬਕ ਸਾਨੂੰ ਲੱਗਦਾ ਹੈ ਕਿ ਉਸ ਦਾ ਪਤੀ, ਜੋ ਤਾਮਿਲਨਾਡੂ ਦਾ ਰਹਿਣ ਵਾਲਾ ਹੈ, ਉਸ ਨੂੰ ਉਥੇ ਬੰਨ੍ਹ ਕੇ ਭੱਜ ਗਿਆ ਸੀ।  ਉਨ੍ਹਾਂ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਉਸ ਦੇ ਰਿਸ਼ਤੇਦਾਰਾਂ ਆਦਿ ਦਾ ਪਤਾ ਲਗਾਉਣ ਲਈ ਪੁਲਸ ਟੀਮਾਂ ਨੂੰ ਤਾਮਿਲਨਾਡੂ, ਗੋਆ ਅਤੇ ਕੁਝ ਹੋਰ ਥਾਵਾਂ 'ਤੇ ਰਵਾਨਾ ਕੀਤਾ ਗਿਆ ਹੈ। 


Tanu

Content Editor

Related News