50 ਸਾਲ ਨਾਲ ਰਹਿਣ ਤੋਂ ਬਾਅਦ ਤਲਾਕ ਹੀ ਇਸ ਕਹਾਣੀ ਦੀ ਸਭ ਤੋਂ ਦਿਲਚਸਪ ਗੱਲ ਹੈ : ਅਪਾਰਸ਼ਕਤੀ ਖੁਰਾਨਾ
Tuesday, Mar 03, 2026 - 11:59 AM (IST)
ਮੁੰਬਈ- ਜ਼ੀ-5 ’ਤੇ ਤੁਸੀਂ ਇਕ ਅਜਿਹੀ ਫ਼ਿਲਮ ਦੇਖੋਗੇ, ਜਿਸ ਵਿਚ ਇਕ ਕਪਲ ਆਪਣੇ ਵਿਆਹੁਤਾ ਜੀਵਨ ਦੇ ਲੱਗਭਗ 50 ਸਾਲ ਇਕੱਠੇ ਬਿਤਾਉਣ ਤੋਂ ਬਾਅਦ ਤਲਾਕ ਬਾਰੇ ਸੋਚਦਾ ਹੈ। ਹੁਣ ਇਸੇ ਕੜੀ ਵਿਚ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਵਕੀਲ (ਅਪਾਰਸ਼ਕਤੀ ਖੁਰਾਨਾ) ਨਾਲ, ਜੋ ਇਕ ਛੋਟੇ ਸ਼ਹਿਰ ਦੀ ਡਿਸਟ੍ਰਿਕਟ ਕੋਰਟ ਦਾ ਵਕੀਲ ਹੈ। ਫ਼ਿਲਮ 'ਜਬ ਖੁਲੀ ਕਿਤਾਬ' ਵਿਚ ਅਪਾਰਸ਼ਕਤੀ ਖੁਰਾਨਾ ਦੇ ਨਾਲ ਪੰਕਜ ਕਪੂਰ ਅਤੇ ਡਿੰਪਲ ਕਪਾੜੀਆ, ਸਮੀਰ ਸੋਨੀ, ਨੌਹੀਦ ਸੇਰੂਸੀ ਅਤੇ ਮਾਨਸੀ ਪਾਰੇਖ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਅਪਲਾਜ਼ ਐਂਟਰਟੇਨਮੈਂਟ ਵੱਲੋਂ ਪੇਸ਼ ਅਤੇ ਸ਼ੂ ਸਟ੍ਰੈਪ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਸੌਰਭ ਸ਼ੁਕਲਾ ਨੇ ਨਾ ਸਿਰਫ਼ ਡਾਇਰੈਕਟ ਕੀਤਾ ਹੈ, ਸਗੋਂ ਲਿਖਿਆ ਵੀ ਹੈ। ਇਹ ਫ਼ਿਲਮ ਜ਼ੀ-5 ’ਤੇ 6 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਬਾਰੇ ਅਪਾਰਸ਼ਕਤੀ ਖੁਰਾਨਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q: ਫ਼ਿਲਮ ‘ਜਬ ਖੁਲੀ ਕਿਤਾਬ’ ਦੀ ਕਹਾਣੀ ਕੀ ਹੈ?
-ਬਹੁਤ ਹੀ ਖ਼ੂਬਸੂਰਤੀ ਨਾਲ ਸਕ੍ਰਿਪਟ ਲਿਖੀ ਗਈ ਹੈ। ਕਹਾਣੀ ਇਕ ਅਜਿਹੇ ਕਪਲ ਪੰਕਜ ਕਪੂਰ ਅਤੇ ਡਿੰਪਲ ਕਪਾੜੀਆ ਦੀ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਸਾਰੇ ਵੱਡੇ ਪੜਾਅ ਇਕੱਠੇ ਪਾਰ ਕਰ ਲਏ ਹਨ। ਬੱਚਿਆਂ ਨੂੰ ਸੈਟਲ ਕਰ ਦਿੱਤਾ, ਜ਼ਿੰਮੇਵਾਰੀਆਂ ਨਿਭਾਅ ਲਈਆਂ ਅਤੇ ਹੁਣ ਜਦੋਂ ਉਹ ਰਿਟਾਇਰਮੈਂਟ ਦੇ ਕਰੀਬ ਹਨ, ਉਦੋਂ ਉਹ ਤਲਾਕ ਲੈਣ ਦਾ ਫ਼ੈਸਲਾ ਕਰਦੇ ਹਨ।
ਮੈਂ ਇਸ ਕਹਾਣੀ ਵਿਚ ਉਸ ਵਕੀਲ ਦੀ ਭੂਮਿਕਾ ਨਿਭਾਅ ਰਿਹਾ ਹਾਂ, ਜਿਸ ਨੂੰ ਇਹ ਕੇਸ ਮਿਲਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਮੈਂ ਕੋਈ ਹਾਈ-ਫਾਈ ਦਿੱਲੀ ਹਾਈ ਕੋਰਟ ਦਾ ਵਕੀਲ ਨਹੀਂ ਹਾਂ, ਸਗੋਂ ਇਕ ਛੋਟੇ ਸ਼ਹਿਰ ਦੀ ਡਿਸਟ੍ਰਿਕਟ ਕੋਰਟ ਦਾ ਵਕੀਲ ਹਾਂ, ਜਿਸ ਕੋਲ ਪਹਿਲਾਂ ਹੀ ਬਹੁਤ ਘੱਟ ਕੇਸ ਆਉਂਦੇ ਹਨ। ਅਜਿਹੇ ਵਿਚ ਇਹ ਕੇਸ ਉਸ ਲਈ ਵੀ ਇਕ ਅਜੀਬ ਜਿਹੀ ਉਲਝਣ ਬਣ ਜਾਂਦਾ ਹੈ।
Q : ਅੱਜ ਜਦੋਂ ਰਿਸ਼ਤੇ ਜਲਦੀ-ਜਲਦੀ ਬਣਦੇ ਤੇ ਟੁੱਟਦੇ ਹਨ, 50 ਸਾਲਾਂ ਬਾਅਦ ਤਲਾਕ ਦਾ ਫ਼ੈਸਲਾ ਕਿੰਨਾ ਢੁਕਵਾਂ ਵਿਸ਼ਾ ਹੈ?
- ਅੱਜ ਦੇ ਸਮੇਂ ਵਿਚ ਵਿਆਹ ਅੱਜ ਹੁੰਦਾ ਹੈ ਤੇ ਕੱਲ ਤਲਾਕ ਪਰ ਇੱਥੇ ਮਾਮਲਾ ਉਲਟ ਹੈ। 50 ਸਾਲ ਇਕੱਠੇ ਰਹਿਣ ਤੋਂ ਬਾਅਦ ਵੱਖ ਹੋਣ ਦੀ ਗੱਲ ਆਪਣੇ ਆਪ ਵਿਚ ਦਿਲਚਸਪ ਹੈ। ਫ਼ਿਲਮ ਦੀ ਖ਼ਾਸੀਅਤ ਇਸ ਦੀਆਂ ਲੇਅਰਜ਼ ਹਨ। ਰਿਸ਼ਤਿਆਂ ਦੀਆਂ ਪਰਤਾਂ ਬਹੁਤ ਖ਼ੂਬਸੂਰਤੀ ਨਾਲ ਦਿਖਾਈਆਂ ਗਈਆਂ ਹਨ। ਜਦੋਂ ਇੰਨੇ ਤਜਰਬੇਕਾਰ ਕਲਾਕਾਰ ਪੰਕਜ ਸਰ ਅਤੇ ਡਿੰਪਲ ਮੈਮ ਕਿਸੇ ਸਕ੍ਰਿਪਟ ਨੂੰ ਚੁਣਦੇ ਹਨ, ਤਾਂ ਯਕੀਨੀ ਤੌਰ ’ਤੇ ਉਸ ਵਿਚ ਕੁਝ ਖ਼ਾਸ ਹੁੰਦਾ ਹੈ। ਉਹ ਹੁਣ ਬਹੁਤ ਚੋਣਵਾਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਸੌਰਭ ਸ਼ੁਕਲਾ ਵਰਗੇ ਦਮਦਾਰ ਕਲਾਕਾਰ ਨੇ ਆਪਣੇ ਰੁਝੇਵਿਆਂ ਭਰੇ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਇਸ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ।
ਫ਼ਿਲਮ ਬਣਾਉਣਾ ਇੱਕ ਲੰਬੀ ਅਤੇ ਸਬਰ ਵਾਲੀ ਪ੍ਰਕਿਰਿਆ ਹੈ ਸ਼ੂਟਿੰਗ, ਐਡੀਟਿੰਗ, ਡਾਇਰੈਕਸ਼ਨ ਸਭ ਕੁਝ। ਜਦੋਂ ਉਨ੍ਹਾਂ ਨੇ ਮੈਨੂੰ ਕਹਾਣੀ ਸੁਣਾਈ, ਉਸੇ ਮੀਟਿੰਗ ਵਿਚ ਮੈਂ ਹਾਂ ਕਰ ਦਿੱਤੀ। ਆਮ ਤੌਰ ’ਤੇ ਅਸੀਂ ਕਲਾਕਾਰ ਸਕ੍ਰਿਪਟ ਸੁਣ ਕੇ ਘਰ ਜਾ ਕੇ ਸੋਚਦੇ ਹਾਂ, ਪਰ ਉੱਥੇ ਕਮਰੇ ਵਿਚ ਇੰਨੀ ਊਰਜਾ ਸੀ ਕਿ ਮੈਂ ਤੁਰੰਤ ਆਨ-ਬੋਰਡ ਹੋਣ ਦਾ ਫ਼ੈਸਲਾ ਕਰ ਲਿਆ।
Q : ਸ਼ੂਟਿੰਗ ਦਾ ਤਜਰਬਾ ਕਿਹੋ ਜਿਹਾ ਰਿਹਾ?
-ਸ਼ੂਟਿੰਗ ਉੱਤਰਾਖੰਡ ਦੇ ਰਾਣੀਖੇਤ ਵਿਚ ਕੀਤੀ। ਉੱਥੇ ਦੀ ਖੁੱਲ੍ਹੀ ਹਵਾ, ਆਰਮੀ ਕੈਂਟੋਨਮੈਂਟ ਏਰੀਆ ਅਤੇ ਸਕੂਨ ਭਰਿਆ ਮਾਹੌਲ ਅੱਜ ਦੇ ਸਮੇਂ ਵਿਚ ਜਦੋਂ ਅਸੀਂ ਹਵਾ ਦੀ ਗੁਣਵੱਤਾ ਦੀ ਸ਼ਿਕਾਇਤ ਕਰਦੇ ਹਾਂ, ਉੱਥੇ ਜਾ ਕੇ ਲੱਗਿਆ ਕਿ ਜ਼ਿੰਦਗੀ ਬਣ ਗਈ। ਸੈੱਟ ’ਤੇ ਮਾਹੌਲ ਬਹੁਤ ਹਾਂ-ਪੱਖੀ ਸੀ। ਇੰਨੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨਾ ਆਪਣੇ ਆਪ ਵਿਚ ਇਕ ਸਿੱਖਣ ਵਰਗਾ ਸੀ।
Q : ਤੁਸੀਂ ਇਨ੍ਹਾਂ ਸੀਨੀਅਰ ਕਲਾਕਾਰਾਂ ਤੋਂ ਕੀ ਸਿੱਖਿਆ?
-ਡਿੰਪਲ ਮੈਮ ਤੋਂ ਮੈਂ ਉਨ੍ਹਾਂ ਦਾ ਅਧਿਆਤਮਿਕਤਾ ਵੱਲ ਝੁਕਾਅ ਸਿੱਖਿਆ। ਉਨ੍ਹਾਂ ਨੂੰ ਮਿਲ ਕੇ ਮੈਂ ਖ਼ੁਦ ਥੋੜ੍ਹਾ ਹੋਰ ਅਧਿਆਤਮਿਕ ਹੋ ਗਿਆ। ਪੰਕਜ ਸਰ ਨੇ ਇਕ ਗੱਲ ਕਹੀ ਜੋ ਮੇਰੇ ਨਾਲ ਹਮੇਸ਼ਾ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਲੈ ਕੇ ਜੋ ਅਸੀਂ ਬਹੁਤ ਪਲਾਨਿੰਗ ਅਤੇ ਸਾਜ਼ਿਸ਼ਾਂ ਕਰਦੇ ਹਾਂ, ਉਹ ਸਭ ਇਕ ਝਟਕੇ ਵਿਚ ਬਦਲ ਸਕਦਾ ਹੈ। ਬਸ ਆਪਣੇ ਆਰਟ ਫਾਰਮ ਨਾਲ ਮਜ਼ੇ ਕਰੋ। ਮੈਂ ਪਹਿਲਾਂ ਵੀ ਦਿਲ ਨਾਲ ਕੰਮ ਕਰਨ ਵਿਚ ਯਕੀਨ ਰੱਖਦਾ ਸੀ ਪਰ ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਹੋਰ ਪੱਕਾ ਕਰ ਦਿੱਤਾ ਕਿ ਮੈਨੂੰ ਐਕਟਿੰਗ, ਸਿੰਗਿੰਗ, ਹੋਸਟਿੰਗ ਸਭ ਕੁਝ ਕਰਨਾ ਹੈ। ਕਿਸੇ ਇਕ ਫਿਕਸ ਪਲਾਨ ਵਿਚ ਨਹੀਂ ਬੱਝਣਾ।
Q : ਆਪਣੇ 10 ਸਾਲਾਂ ਦੇ ਕਰੀਅਰ ਨੂੰ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕੀ ਬਦਲਾਅ ਮਹਿਸੂਸ ਕਰਦੇ ਹੋ?
-ਹੁਣ ਮੈਂ ਇਕ ਕਲਾਕਾਰ ਦੇ ਤੌਰ ’ਤੇ ਜ਼ਿਆਦਾ ਆਜ਼ਾਦ ਮਹਿਸੂਸ ਕਰਦਾ ਹਾਂ। ਹੋਸਟਿੰਗ, ਸਿੰਗਿੰਗ, ਐਕਟਿੰਗ ਹਰ ਮਾਧਿਅਮ ਰਾਹੀਂ ਖ਼ੁਦ ਨੂੰ ਐਕਸਪ੍ਰੈੱਸ ਕਰਨਾ ਚਾਹੁੰਦਾ ਹਾਂ। ਸੰਗੀਤ ਮੇਰੇ ਅੰਦਰ ਦਾ ਸਭ ਤੋਂ ਸੱਚਾ ਹਿੱਸਾ ਬਾਹਰ ਲਿਆਉਂਦਾ ਹੈ। ਜਿਮ ਵਿਚ ਵੀ ਮੈਂ ਪਾਰਟੀ ਨੰਬਰ ਨਹੀਂ ਸੁਣਦਾ, ਸਗੋਂ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਸੁਣਦਾ ਹਾਂ। ਜਦੋਂ ਮੈਂ ਆਪਣੀ ਬਾਡੀ ਨਾਲ ਸਮਾਂ ਬਿਤਾ ਰਿਹਾ ਹੁੰਦਾ ਹਾਂ, ਤਾਂ ਉਸ ਕਨੈਕਸ਼ਨ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ। ਲੋਕਾਂ ਨੇ ਮੈਨੂੰ ਇਕ ਮਿਊਜ਼ੀਸ਼ੀਅਨ ਦੇ ਤੌਰ ’ਤੇ ਵੀ ਸਵੀਕਾਰ ਕੀਤਾ ਹੈ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ।
“ਕੁੜੀਏ ਨੀ” ਗੀਤ ਮੈਂ ‘ਦੰਗਲ’ ਦੇ ਸੈੱਟ ’ਤੇ ਵੈਨਿਟੀ ਵੈਨ ਵਿਚ ਬੈਠ ਕੇ ਬਣਾਇਆ ਸੀ। ਕੁਝ ਸਾਲਾਂ ਬਾਅਦ ਉਹ ਰਿਲੀਜ਼ ਹੋਇਆ ਅਤੇ ਅੱਜ ਵੀ ਵਿਆਹਾਂ ਦੇ ਸੀਜ਼ਨ ਵਿਚ ਟ੍ਰੈਂਡ ਕਰਦਾ ਹੈ। ਹਾਲ ਹੀ ਵਿਚ ਇਕ ਵਿਆਹ ਵਿਚ ਗਿਆ ਤਾਂ ਕਿਸੇ ਨੇ ਉਸੇ ਗੀਤ ’ਤੇ ਪਰਫਾਰਮ ਕੀਤਾ ਅਤੇ ਕਿਹਾ ਕਿ ਅਸੀਂ ਆਪਣੇ ਵਿਆਹ ਲਈ ਇਹ ਪਹਿਲਾਂ ਹੀ ਤੈਅ ਕਰ ਰੱਖਿਆ ਸੀ। ਇਕ ਕਲਾਕਾਰ ਲਈ ਇਸ ਤੋਂ ਵੱਡਾ ਕੰਪਲੀਮੈਂਟ ਹੋਰ ਕੀ ਹੋ ਸਕਦਾ ਹੈ?
Q : ਦਰਸ਼ਕਾਂ ਲਈ ਕੀ ਟੇਕਅਵੇ ਹੋਵੇਗਾ?
ਇਕ ਸਪੋਰਟਸ ਪਰਸਨ ਦਾ ਦਮਦਾਰ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ
-ਇਕ ਗੱਲ ਪੱਕੀ ਹੈ, ਪਿਆਰ ਹੀ ਸਭ ਕੁਝ ਹੈ। ਅਖ਼ੀਰ ਵਿਚ ਪਿਆਰ ਹੀ ਲੋਕਾਂ ਨੂੰ ਆਪਸ ਵਿਚ ਬੰਨ੍ਹਦਾ ਹੈ। ਚਾਹੇ ਪਿਓ-ਪੁੱਤ ਹੋਵੇ, ਪਤੀ-ਪਤਨੀ ਹੋਵੇ ਜਾਂ ਦੋਸਤੀ ਹੋਵੇ, ਹਰ ਰਿਸ਼ਤੇ ਦੀ ਬੁਨਿਆਦ ਪਿਆਰ ਹੀ ਹੈ। ਅੱਜ ਦੇ ਸਮੇਂ ਵਿਚ ਭਾਵਨਾਵਾਂ ਬਹੁਤ ਜ਼ਰੂਰੀ ਹਨ। ਉਮੀਦ ਹੈ ਕਿ ਫ਼ਿਲਮ ਲੋਕਾਂ ਦੇ ਦਿਲਾਂ ਤੱਕ ਪਹੁੰਚੇਗੀ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਏਗੀ ਕਿ ਅੰਤ ਵਿਚ ਸਿਰਫ਼ ਪਿਆਰ ਹੀ ਟਿਕਦਾ ਹੈ।
ਇਕ ਸਪੋਰਟਸ ਪਰਸਨ ਦਾ ਦਮਦਾਰ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ
Q : ਕੋਈ ਅਜਿਹਾ ਰੋਲ ਜੋ ਤੁਸੀਂ ਖ਼ਾਸ ਤੌਰ ’ਤੇ ਕਰਨਾ ਚਾਹੁੰਦੇ ਹੋਵੋ?
-ਮੈਂ ਇਕ ਸਪੋਰਟਸ ਪਰਸਨ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ। ‘ਦੰਗਲ’ ਸਪੋਰਟਸ ’ਤੇ ਅਾਧਾਰਿਤ ਫ਼ਿਲਮ ਸੀ, ਪਰ ਉਸ ਵਿਚ ਮੈਂ ਇਕ ਫੇਲ ਰੈਸਲਰ ਸੀ। ਹੁਣ ਮੈਂ ਅਜਿਹੀ ਫ਼ਿਲਮ ਕਰਨਾ ਚਾਹੁੰਦਾ ਹਾਂ ਜਿਸ ਵਿਚ ਲੜਕੇ ਦੇ ਖ਼ੂਨ ਵਿਚ ਹੀ ਖੇਡ ਹੋਵੇ, ਜਿੱਥੇ ਉਹ ਸੱਚਮੁੱਚ ਵਧੀਆ ਪ੍ਰਦਰਸ਼ਨ ਕਰੇ। ਸ਼ਾਇਦ ਇਕ ਸਪੋਰਟਸ ਬਾਇਓਪਿਕ। ਚਲੋ, ਇਸ ਨੂੰ ਯੂਨੀਵਰਸ ਵਿੱਚ ਮੈਨੀਫੈਸਟ ਕਰ ਦਿੰਦੇ ਹਾਂ!
