ਹਵਾਈ ਫੌਜ ਦਾ ਫਰਜ਼ੀ ਅਧਿਕਾਰੀ ਬਣ ਕੇ ਔਰਤ ਕੋਲੋਂ ਠੱਗੇ 2.5 ਲੱਖ ਰੁਪਏ
Saturday, Sep 27, 2025 - 08:41 PM (IST)

ਨਵੀਂ ਦਿੱਲੀ - ਦਿੱਲੀ ਪੁਲਸ ਨੇ ਭਾਰਤੀ ਹਵਾਈ ਫੌਜ ਦਾ ਨਕਲੀ ਅਧਿਕਾਰੀ ਬਣ ਕੇ ਜਾਅਲੀ ਬਿੱਲਾਂ ਤੇ ਚਿੱਠੀਆਂ ਰਾਹੀਂ ਲੋਕਾਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ ਰਾਜਸਥਾਨ ਦੇ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਦੀ ਪਛਾਣ ਤਸਲੀਮ ਖਾਨ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਅਲਵਰ ਜ਼ਿਲੇ ਦਾ ਰਹਿਣ ਵਾਲਾ ਹੈ। ਡੀ. ਸੀ. ਪੀ. (ਦੱਖਣੀ) ਅੰਕਿਤ ਚੌਹਾਨ ਨੇ ਕਿਹਾ ਕਿ ਉਸ ਕੋਲੋਂ ਅਪਰਾਧ ’ਚ ਕਥਿਤ ਤੌਰ ’ਤੇ ਵਰਤੇ ਗਏ 2 ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਪੁਲਸ ਅਨੁਸਾਰ ਛਤਰਪੁਰ ਖੇਤਰ ਦੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਵਾਈ ਫੌਜ ਦੇ ਅਧਿਕਾਰੀ ਵਜੋਂ ਪੇਸ਼ ਹੋਣ ਵਾਲੇ ਇਕ ਵਿਅਕਤੀ ਨੇ ਉਸ ਨਾਲ 2.52 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਇਸ ’ਤੇ ਇਕ ਵਿਸ਼ੇਸ਼ ਟੀਮ ਬਣਾਈ ਗਈ ਤੇ ਅਲਵਰ ਦੇ ਰਾਮਗੜ੍ਹ ਖੇਤਰ ਦੇ ਮੁਕੰਦਵਾਸ ਪਿੰਡ ’ਚ ਛਾਪੇਮਾਰੀ ਤੋਂ ਬਾਅਦ ਖਾਨ ਨੂੰ ਫੜ ਕੇ ਦਿੱਲੀ ਲਿਆਂਦਾ ਗਿਆ।