ਔਰਤ ਨੇ ਰੇਲ ਪੱਟੜੀ ’ਤੇ ਚਲਾਈ ਕਾਰ, ਟਰੇਨ ਆਵਾਜਾਈ ਪ੍ਰਭਾਵਿਤ
Friday, Jun 27, 2025 - 05:35 AM (IST)

ਹੈਦਰਾਬਾਦ -ਹੈਦਰਾਬਾਦ ਦੇ ਬਾਹਰਵਾਰ ਵੀਰਵਾਰ ਸਵੇਰੇ ਇਕ ਔਰਤ ਨੇ ਰੇਲਵੇ ਪੱਟੜੀਆਂ ’ਤੇ ਆਪਣੀ ਕਾਰ ਚਲਾਈ, ਜਿਸ ਨਾਲ ਰੇਲ ਸੇਵਾਵਾਂ ਵਿਚ ਵਿਘਨ ਪਿਆ। ਪੁਲਸ ਨੇ ਦੱਸਿਆ ਕਿ ਔਰਤ ਨੇ ਇੱਥੇ ਸ਼ੰਕਰਪੱਲੀ ਵਿਚ ਲੱਗਭਗ 8 ਕਿਲੋਮੀਟਰ ਤੱਕ ਕਾਰ ਚਲਾਈ। ਔਰਤ ਮਾਨਸਿਕ ਤੌਰ ’ਤੇ ਪਰੇਸ਼ਾਨ ਜਾਪਦੀ ਸੀ ਅਤੇ ਜਦੋਂ ਪੁਲਸ ਵਾਲਿਆਂ ਨੇ ਉਸਦੀ ਕਾਰ ਰੋਕੀ ਤਾਂ ਉਸਨੇ ਪੁਲਸ ਵਾਲਿਆਂ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ। ਔਰਤ ਇਕ ਸਾਫਟਵੇਅਰ ਕੰਪਨੀ ਵਿਚ ਕੰਮ ਕਰਦੀ ਹੈ। ਰੇਲਵੇ ਪੁਲਸ ਇਸ ਘਟਨਾ ਸਬੰਧੀ ਮਾਮਲਾ ਦਰਜ ਕਰੇਗੀ। ਰੇਲਵੇ ਸੂਤਰਾਂ ਨੇ ਮੁੱਢਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2 ਮਾਲਗੱਡੀਆਂ ਅਤੇ 2 ਯਾਤਰੀ ਗੱਡੀਆਂ ਲੱਗਭਗ 20 ਮਿੰਟਾਂ ਲਈ ਰੁਕੀਆਂ ਰਹੀਆਂ।