ਕੰਮ ਦੇ ਬਹਾਨੇ ਔਰਤ ਨੂੰ ਸੁੰਨਸਾਨ ਜਗ੍ਹਾ ਲਿਜਾ ਕੇ ਕਰ''ਤਾ ਖ਼ੌਫ਼ਨਾਕ ਕਾਰਾ ! ਦਿੱਤੀ ਦਰਦਨਾਕ ਮੌਤ
Tuesday, Jun 02, 2026 - 04:23 PM (IST)
ਨੈਸ਼ਨਲ ਡੈਸਕ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਪੁਰਾਣੀ ਰੰਜਿਸ਼ ਅਤੇ ਆਪਸੀ ਝਗੜੇ ਦੇ ਚਲਦਿਆਂ ਇੱਕ 45 ਸਾਲਾ ਔਰਤ ਦਾ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਨਸਨੀਖੇਜ਼ ਘਟਨਾ ਸੋਮਵਾਰ ਨੂੰ ਕੁਮਾਰਡੁੰਗੀ ਥਾਣਾ ਖੇਤਰ ਦੇ ਖੰਡਖੋਰੀ ਪਿੰਡ ਵਿੱਚ ਵਾਪਰੀ।
ਜਗਨਨਾਥਪੁਰ ਦੇ ਐੱਸ.ਡੀ.ਪੀ.ਓ. (SDPO) ਰਾਫੇਲ ਮੁਰਮੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ 'ਸ਼ੂਰੂ ਗੋਪੇ' (45) ਵਜੋਂ ਹੋਈ ਹੈ। ਜਾਂਚ ਮੁਤਾਬਕ, 33 ਸਾਲਾ ਮੁਲਜ਼ਮ ਪੁਡਵਾ ਉਰਫ਼ ਚੋਕ ਸਿੰਕੂ, ਔਰਤ ਨੂੰ ਕਿਸੇ ਕੰਮ ਦਾ ਬਹਾਨਾ ਬਣਾ ਕੇ ਪਿੰਡ ਦੇ ਇੱਕ ਸੁਨਸਾਨ ਇਲਾਕੇ ਵਿੱਚ ਲੈ ਗਿਆ। ਉੱਥੇ ਮੌਕਾ ਦੇਖ ਕੇ ਉਸ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਤੇਜ਼ਧਾਰ ਚਾਕੂ ਨਾਲ ਔਰਤ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਸ ਟੀਮ ਨੇ ਛਾਪੇਮਾਰੀ ਕਰ ਕੇ ਮੁਲਜ਼ਮ ਪੁਡਵਾ ਨੂੰ ਦਬੋਚ ਲਿਆ। ਪੁਲਸ ਨੇ ਉਸ ਦੇ ਕਬਜ਼ੇ ਵਿੱਚੋਂ ਕਤਲ ਲਈ ਵਰਤਿਆ ਗਿਆ ਖ਼ੂਨ ਨਾਲ ਲਿਬੜਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਰਾਣੀ ਦੁਸ਼ਮਣੀ ਦੇ ਕਾਰਨ ਇਸ ਹੱਤਿਆਕਾਂਡ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕਰ ਲਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
