ਸਰਦ ਰੁੱਤ ਸੈਸ਼ਨ ਦਾ ਦੂਜਾ ਦਿਨ: ਲੋਕ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ 2 ਵਜੇ ਤੱਕ ਮੁਲਤਵੀ

Tuesday, Nov 30, 2021 - 11:49 AM (IST)

ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸੰਸਦ ਸੈਸ਼ਨ 23 ਦਸੰਬਰ ਤੱਕ ਚਲੇਗਾ। ਅੱਜ ਯਾਨੀ ਕਿ ਮੰਗਲਵਾਰ ਸਵੇਰੇ 11 ਵਜੇ ਸਦਨ ਸ਼ੁਰੂ ਹੋਣ ’ਤੇ ਸਪੀਕਰ ਨੇ ਦਾਦਰਾ ਨਗਰ ਹਵੇਲੀ ਤੋਂ ਚੁਣੀ ਗਈ ਸ਼ਿਵ ਸੈਨਾ ਦੀ ਕਲਾਵਤੀ ਮੋਹਨ ਡੇਲਕਰ ਨੂੰ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਓਮ ਬਿਰਲਾ ਵਲੋਂ ਸੰਸਦ ਮੈਂਬਰਾਂ ਨੂੰ ਮਰਿਆਦਾ ’ਚ ਰਹਿਣ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ, ਇਸ ਦੇ ਬਾਵਜੂਦ ਸੰਸਦ ਮੈਂਬਰ ਨਹੀਂ ਮੰਨੇ ਅਤੇ ਹੰਗਾਮਾ ਕਰਦੇ ਰਹੇ। ਕਿਸਾਨਾਂ ਦੇ ਮੁੱਦੇ ’ਤੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ’ਤੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੋਕ ਸਭਾ ’ਚ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

ਦਰਅਸਲ ਦਰਵਿੜ ਮੁਨੇਤਰ ਕਸ਼ਗਮ (ਦਰਮੁੱਕ) ਦੇ ਨੇਤਾ ਟੀ. ਆਰ. ਬਾਲੂ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਰੌਲੇ-ਰੱਪੇ ਵਿਚ ਸੁਣਾਈ ਨਹੀਂ ਦਿੱਤਾ। ਸਪੀਕਰ ਦੇ ਆਸਨ ਅੱਗੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰ ਕਿਸਾਨ ਅੰਦੋਲਨ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਐੱਮ. ਐੱਸ. ਪੀ. ’ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਨੇ ਉਨ੍ਹਾਂ ਨੂੰ ਆਪਣੀ ਥਾਂ ’ਤੇ ਜਾਣ ਦੀ ਅਪੀਲ ਕੀਤੀ ਪਰ ਇਸ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ। ਇਸ ਦਰਮਿਆਨ ਕਾਂਗਰਸ, ਡੀ. ਐੱਮ. ਕੇ ਅਤੇ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਾਕਆਊਟ ਕਰ ਗਏ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ’ਤੇ ਰਾਕੇਸ਼ ਟਿਕੈਤ ਖੁਸ਼, ਦੱਸੀ ਅੰਦੋਲਨ ਦੀ ਅਗਲੀ ਰਣਨੀਤੀ

ਦੱਸ ਦੇਈਏ ਕਿ ਬੀਤੇ ਕੱਲ੍ਹ ਲੋਕ ਸਭਾ ਅਤੇ ਰਾਜ ਸਭਾ ’ਚ ਖੇਤੀ ਕਾਨੂੰਨ ਰੱਦ ਬਿਲ, 2021 ਨੂੰ ਬਿਨਾਂ ਚਰਚਾ ਦੇ ਪਾਸ ਕਰ ਦਿੱਤਾ ਗਿਆ। ਜਿਸ ਕਾਰਨ ਵਿਰੋਧੀ ਧਿਰ ’ਚ ਰੋਸ ਹੈ ਕਿ ਬਿੱਲ ’ਤੇ ਚਰਚਾ ਕਿਉਂ ਨਹੀਂ ਕੀਤੀ ਗਈ। ਇਸ ਬਿੱਲ ਨੂੰ ਹੁਣ ਰਾਸ਼ਟਰਪਤੀ ਕੋਲ ਮੋਹਰ ਲਈ ਭੇਜਿਆ ਜਾਵੇਗਾ ਅਤੇ ਬਿੱਲ ਵਾਪਸੀ ਦੀ ਪੱਕੀ ਮੋਹਰ ਲੱਗ ਜਾਵੇਗੀ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ


Tanu

Content Editor

Related News