ਹਿਮਾਚਲ ਦੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਇਸ ਤਾਰੀਖ਼ ਤੋਂ ਪੈਣਗੀਆਂ ਛੁੱਟੀਆਂ
Wednesday, Dec 22, 2021 - 10:55 AM (IST)
ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ’ਚ ਨਵੇਂ ਸਾਲ ਤੋਂ ਪ੍ਰਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਮੰਗਲਵਾਰ ਯਾਨੀ ਕਿ ਕੱਲ ਸਿੱਖਿਆ ਵਿਭਾਗ ਵਲੋਂ ਇਸ ਸਬੰਧ ਵਿਚ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਨੋਟੀਫ਼ਿਕੇਸ਼ਨ ਮੁਤਾਬਕ ਗਰਮੀਆਂ ਦੇ ਸੈਸ਼ਨ ਵਾਲੇ ਸਕੂਲਾਂ ਵਿਚ 3 ਜਨਵਰੀ ਤੋਂ 8 ਜਨਵਰੀ 2022 ਤੱਕ 6 ਦਿਨ ਲਈ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਜਦਕਿ ਸਰਦ ਰੁੱਤ ਸੈਸ਼ਨ ਵਾਲੇ ਸਕੂਲਾਂ ’ਚ 1 ਜਨਵਰੀ ਤੋਂ 15 ਫ਼ਰਵਰੀ 2022 ਤੱਕ 46 ਦਿਨ ਦੀਆਂ ਛੁੱਟੀਆਂ ਰਹਿਣਗੀਆਂ।
ਹਾਲਾਂਕਿ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵਟਸਐਪ ਜ਼ਰੀਏ ਆਨਲਾਈਨ ਸਟੱਡੀ ਮੈਟੇਰੀਅਲ ਵੀ ਦੇਣ ਨੂੰ ਕਿਹਾ ਗਿਆ ਹੈ। ਦੱਸ ਦੇਈਏ ਕਿ ਇਸ ਸਾਲ ਸਿੱਖਿਆ ਵਿਭਾਗ ਨੇ ਛੁੱਟੀਆਂ ਦੇ ਸ਼ੈਡਿਊਲ ਵਿਚ ਬਦਲਾਅ ਕੀਤਾ ਹੈ। ਇਸ ਤੋਂ ਪਹਿਲਾਂ ਸਕੂਲਾਂ ਵਿਚ ਛੁੱਟੀਆਂ ਦਸੰਬਰ ਦੇ ਆਖ਼ਰੀ ਹਫ਼ਤੇ ’ਚ ਦਿੱਤੀਆਂ ਜਾਂਦੀਆਂ ਸਨ, ਜਿਸ ਤਰ੍ਹਾਂ ਪੰਜਾਬ ਵਿਚ ਹੁੰਦਾ ਹੈ ਪਰ ਇਸ ਵਾਰ ਛੁੱਟੀਆਂ ਵਿਚ ਬਦਲਾਅ ਕਰ ਕੇ ਜਨਵਰੀ ਵਿਚ ਛੁੱਟੀਆਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ।