ਪਤਨੀ ਨਾਲ ਝਗੜੇ ਤੋਂ ਬਾਅਦ ਨਾਈਜ਼ੀਰੀਆਈ ਵਿਅਕਤੀ ਨੇ 3 ਮਹੀਨੇ ਦੀ ਧੀ ਦਾ ਕੀਤਾ ਕਤਲ
Monday, Jun 15, 2020 - 06:01 PM (IST)

ਨੋਇਡਾ- ਨੋਇਡਾ ਦੇ ਈਕੋਟੇਕ-3 ਥਾਣਾ ਖੇਤਰ 'ਚ ਰਹਿਣ ਵਾਲੇ ਇਕ ਨਾਈਜ਼ੀਰੀਆਈ ਵਿਅਕਤੀ ਨੇ 3 ਮਹੀਨੇ ਦੀ ਧੀ ਨੂੰ ਜ਼ਮੀਨ 'ਤੇ ਪਟਕ-ਪਟਕ ਕੇ ਮਾਰ ਦਿੱਤਾ ਅਤੇ ਉਸ ਨੂੰ ਦੂਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਥਾਣਾ ਈਕੋਟੇਕ-3 ਖੇਤਰ ਦੇ ਇੰਪੀਰੀਆ ਸੋਸਾਇਟੀ 'ਚ ਰਹਿਣ ਵਾਲੇ ਨਾਈਜ਼ੀਰੀਆ ਦੇ ਰਹਿਣ ਵਾਲੇ ਵਿਅਕਤੀ ਓਜ਼ਿਮਾ ਦਾ ਉਸ ਦੀ ਪਤਨੀ ਜੂਲੀ ਨਾਲ ਅੱਜ ਯਾਨੀ ਸੋਮਵਾਰ ਸਵੇਰੇ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਉਸ ਨੇ ਤਿੰਨ ਮਹੀਨੇ ਦੀ ਧੀ ਏਡੁਗੋ ਨੂੰ ਗੁੱਸੇ 'ਚ ਜ਼ਮੀਨ 'ਤੇ ਕਈ ਵਾਰ ਪਟਕ ਦਿੱਤਾ ਅਤੇ ਉਸ ਨੂੰ ਦੂਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ।
ਇਸ ਘਟਨਾ 'ਚ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਮਾਨਸਿਕ ਰੂਪ ਨਾਲ ਬੀਮਾਰ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਈਜ਼ੀਰੀਆਈ ਮੂਲ ਦੇ ਲੋਕਾਂ ਦੇ ਪ੍ਰਤੀਨਿਧੀ ਚਾਰਲਸ ਨੂੰ ਮੌਕੇ 'ਤੇ ਬੁਲਾ ਕੇ ਪੂਰੀ ਘਟਨਾ ਤੋਂ ਜਾਣੂੰ ਕਰਵਾਇਆ ਗਿਆ ਹੈ।