ਪਤੀ ਨੂੰ ਗੋਲੀ ਮਾਰਨ ਤੋਂ ਬਾਅਦ ਹੱਸ ਰਿਹਾ ਸੀ ਅੱਤਵਾਦੀ : ਪਹਿਲਗਾਮ ਹਮਲੇ ''ਚ ਮਾਰੇ ਗਏ ਵਿਅਕਤੀ ਦੀ ਪਤਨੀ
Thursday, Apr 24, 2025 - 05:53 PM (IST)

ਅਹਿਮਦਾਬਾਦ- ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਸ਼ੈਲੇਸ਼ ਕਲਾਥੀਆ ਦੀ ਪਤਨੀ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਉਸ ਦੇ ਪਤੀ ਨੂੰ ਗੋਲੀ ਮਾਰਨ ਤੋਂ ਬਾਅਦ ਹੱਸ ਰਿਹਾ ਸੀ। ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ 26 ਲੋਕਾਂ 'ਚ ਕਲਾਥੀਆ ਸਮੇਤ ਗੁਜਰਾਤ ਦੇ ਤਿੰਨ ਲੋਕ ਸ਼ਾਮਲ ਸਨ। ਹਮਲੇ 'ਚ ਜਾਨ ਗੁਆਉਣ ਵਾਲੇ ਰਾਜ ਦੇ 2 ਹੋਰ ਵਿਅਕਤੀ ਯਤੀਸ਼ ਪਰਮਾਰ ਅਤੇ ਉਸ ਦਾ ਪੁੱਤਰ ਸਮਿਤ ਸਨ, ਜੋ ਭਾਵਨਗਰ ਸ਼ਹਿਰ ਦੇ ਰਹਿਣ ਵਾਲੇ ਸਨ। ਤਿੰਨਾਂ ਮ੍ਰਿਤਕਾਂ ਦਾ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਥਾਨਕ ਨਿਵਾਸੀ ਸੋਗ ਦੀ ਲਹਿਰ ਵਿਚਕਾਰ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਮ੍ਰਿਤਕ ਸ਼ੈਲੇਸ਼ ਕਲਾਥੀਆ ਦੀ ਪਤਨੀ ਸ਼ੀਤਲਬੇਨ ਕਲਾਥੀਆ ਉਸ ਸਮੇਂ ਬਹੁਤ ਪਰੇਸ਼ਾਨ ਦਿੱਸੀ, ਜਦੋਂ ਉਸ ਦੇ ਪਤੀ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਤੋਂ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਕੋਈ ਰਹਿਮ ਨਹੀਂ ਦਿਖਾਇਆ ਅਤੇ ਉਹ ਉਸ ਦੇ ਪਤੀ ਨੂੰ ਬਹੁਤ ਕਰੀਬ ਤੋਂ ਗੋਲੀ ਮਾਰਨ ਤੋਂ ਬਾਅਦ ਹੱਸ ਰਹੇ ਸਨ। ਸ਼ੀਤਲਬੇਨ ਨੇ ਕਿਹਾ,"ਇਕ ਅੱਤਵਾਦੀ ਪਹਿਲਾਂ ਸਾਡੇ ਨੇੜੇ ਆਇਆ ਅਤੇ ਫਿਰ ਇਹ ਜਾਣਨ ਤੋਂ ਬਾਅਦ ਕਿ ਉਹ ਹਿੰਦੂ ਹੈ, ਉਸ ਨੇ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ। ਮੇਰੇ ਪਤੀ ਵਾਂਗ, ਹੋਰ ਹਿੰਦੂ ਆਦਮੀਆਂ ਨੂੰ ਵੀ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ। ਮੇਰੇ ਪਤੀ ਨੂੰ ਗੋਲੀ ਮਾਰਨ ਤੋਂ ਬਾਅਦ, ਅੱਤਵਾਦੀ ਹੱਸ ਰਿਹਾ ਸੀ ਅਤੇ ਮਰਨ ਤੱਕ ਜਗ੍ਹਾ ਤੋਂ ਨਹੀਂ ਗਿਆ।" ਕਲਥੀਆ ਦੇ ਪੁੱਤਰ ਨਕਸ਼ ਨੇ ਸੂਰਤ 'ਚ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਨਕਸ਼ ਨੇ ਬਾਅਦ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਇਕ ਹਿੰਦੂ ਸੀ ਅਤੇ ਇਕ ਅੱਤਵਾਦੀ ਨੇ ਉਸ ਦੇ ਅਤੇ ਉਸ ਦੀ ਮਾਂ ਦੇ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ। ਸ਼ੈਲੇਸ਼ ਕਲਾਥੀਆ ਆਪਣੀ ਪਤਨੀ ਸ਼ੀਤਲਬੇਨ, ਪੁੱਤਰ ਨਕਸ਼ ਅਤੇ ਵੱਡੀ ਧੀ ਨੀਤੀ ਨਾਲ ਪਹਿਲਗਾਮ 'ਚ ਛੁੱਟੀਆਂ ਮਨਾ ਰਿਹਾ ਸੀ ਜਦੋਂ ਅੱਤਵਾਦੀਆਂ ਦੇ ਇਕ ਸਮੂਹ ਨੇ ਬੈਸਰਨ 'ਤੇ ਹਮਲਾ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8