ਪਤਨੀ ਦੀ ਕੁਹਾੜੀ ਨਾਲ ਤੇ 5 ਸਾਲਾ ਪੁੱਤਰ ਦੀ ਗਲ ਘੁੱਟ ਕੇ ਹੱਤਿਆ
Sunday, Apr 13, 2025 - 04:33 AM (IST)

ਅਯੁੱਧਿਆ - ਅਯੁੱਧਿਆ ਦੇ ਸਿਟੀ ਕੋਤਵਾਲੀ ਖੇਤਰ ਅਧੀਨ ਸ਼ਿਵਪੁਰੀ ਕਾਲੋਨੀ ’ਚ ਸ਼ੁੱਕਰਵਾਰ ਰਾਤ ਇਕ ਦਿਲ ਹਿਲਾ ਦੇਣ ਵਾਲੀ ਘਟਨਾ ਵਾਪਰੀ। ਘਰੇਲੂ ਝਗੜੇ ਤੋਂ ਬਾਅਦ ਸ਼ਾਹਜਹਾਂ ਖਾਂਡਕਰ ਨਾਮੀ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੇਸੀਆ ਬੇਗਮ (35) ਦੀ ਕੁਹਾੜੀ ਨਾਲ ਤੇ ਫਿਰ ਆਪਣੇ 5 ਸਾਲ ਦੇ ਮਾਸੂਮ ਪੁੱਤਰ ਸਹਾਦਕਰ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਸਮੇਂ ਵੱਡਾ ਪੁੱਤਰ ਦੂਜੀ ਝੌਂਪੜੀ ’ਚ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਸ ਨੂੰ ਸ਼ਨੀਵਾਰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਤੇ ਉਹ ਮੌਕੇ ’ਤੇ ਪਹੁੰਚੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਹੱਤਿਆ ਲਈ ਵਰਤੀ ਕੁਹਾੜੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਮੂਲ ਰੂਪ ’ਚ ਆਸਾਮ ਦੇ ਬਾਰਪੇਟਾ ਜ਼ਿਲੇ ਦਾ ਰਹਿਣ ਵਾਲਾ ਹੈ ਤੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਅਯੁੱਧਿਆ ’ਚ ਰਹਿ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ। ਘਟਨਾ ਤੋਂ ਪਹਿਲਾਂ ਉਸ ਦਾ ਪਤਨੀ ਨਾਲ ਝਗੜਾ ਹੋਇਆ ਸੀ। ਪੁਲਸ ਮੁਲਜ਼ਮ ਦੀ ਭਾਲ ’ਚ ਸ਼ਨੀਵਾਰ ਰਾਤ ਤਕ ਜੁਟੀ ਹੋਈ ਸੀ ।