ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਪਤੀ ਨੇ ਜ਼ਿੰਦਾ ਸਾੜਿਆ
Tuesday, Aug 22, 2017 - 04:31 PM (IST)

ਨਵੀਂ ਦਿੱਲੀ— ਦਿੱਲੀ 'ਚ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਵਾਰਦਾਤ ਦੇ ਸਮੇਂ ਦੋਸ਼ੀ ਦਾ ਛੋਟਾ ਭਰਾ ਅਤੇ ਇਕ ਚਾਚਾ ਵੀ ਮੌਜੂਦ ਸੀ। ਨੇੜੇ-ਤੇੜੇ ਦੇ ਲੋਕਾਂ ਅਤੇ ਪੁਲਸ ਨੇ ਪੀੜਤਾ ਨੂੰ ਮੌਕੇ 'ਤੇ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਤਰ੍ਹਾਂ ਪੀੜਤਾ ਨੇ ਆਪਣਾ ਬਿਆਨ ਦਰਜ ਕਰਵਾ ਦਿੱਤਾ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਵਿਕਾਸਪੁਰੀ ਇਲਾਕੇ ਦਾ ਹੈ। ਪਰਵਿੰਦਰ ਕੌਰ (24) ਦਾ ਵਿਆਹ 2012 'ਚ ਗੁਰੂਚਰਨ ਨਾਲ ਹੋਇਆ ਸੀ। ਕੁਝ ਦਿਨ ਬਾਅਦ ਹੀ ਸਹੁਰੇ ਪੱਖ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ ਹਰ ਰੋਜ਼ ਨਵੀਂ ਡਿਮਾਂਡ ਕਰਦਾ ਸੀ। ਇਸ ਨਾਲ ਦੋਹਾਂ ਦਰਮਿਆਨ ਤਣਾਅ ਬਣਿਆ ਰਹਿੰਦਾ ਸੀ। ਬੀਤੇ ਦਿਨੀਂ ਝਗੜੇ ਤੋਂ ਬਾਅਦ ਗੁਰੂਚਰਨ ਨੇ ਉਸ ਨੂੰ ਘਰੋਂ ਕੱਢ ਦਿੱਤਾ।
ਅਗਲੇ ਦਿਨ, ਉਹ ਬੇਟੇ ਅਤੇ ਆਪਣੇ ਕੱਪੜੇ ਲੈਣ ਲਈ ਸਹੁਰੇ ਘਰ ਗਈ। ਉਸ ਨੂੰ ਦੇਖ ਕੇ ਉਸ ਦੇ ਪਤੀ ਅਤੇ ਬਾਕੀ ਲੋਕਾਂ ਦੀ ਕਹਾਸੁਣੀ ਹੋਈ। ਇਸ ਤੋਂ ਬਾਅਦ ਗੁੱਸਾਏ ਦੋਸ਼ੀਆਂ ਨੇ ਉਸ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਦਿੱਤੀ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਗੰਭੀਰ ਹਾਲਤ 'ਚ ਉਸ ਨੂੰ ਸਫ਼ਦਰਗੰਜ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਨੁਸਾਰ ਗੁਰੂਚਰਨ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਸ ਦਾ ਚਾਚਾ ਰਵੇਲ ਸਿੰਘ ਦੀ ਨਜ਼ਰ ਪ੍ਰਾਪਰਟੀ 'ਤੇ ਵੀ ਸੀ। ਇਸ ਦਾ ਪਤਾ ਪਰਵਿੰਦਰ ਨੂੰ ਚੱਲ ਗਿਆ ਸੀ, ਜਿਸ ਕਾਰਨ ਉਹ ਹਮੇਸ਼ਾ ਉਸ ਦੇ ਪਤੀ ਨੂੰ ਭੜਕਾਉਂਦਾ ਵੀ ਸੀ। ਉਹ ਹਮੇਸ਼ਾ ਦਾਜ ਨਾ ਦੇਣ ਦੇ ਮਿਹਣੇ ਦਿੰਦਾ ਰਹਿੰਦਾ ਸੀ। ਇਸ ਘਟਨਾ 'ਚ ਪੀੜਤਾ ਲਗਭਗ 80 ਫੀਸਦੀ ਸੜ ਚੁਕੀ ਸੀ। ਕਿਸੇ ਤਰ੍ਹਾਂ ਉਸ ਨੇ ਆਪਣੇ ਬਿਆਨ ਦਰਜ ਕਰਵਾਏ ਹਨ।