ਪਤਨੀ ਤੇ 3 ਬੱਚਿਆਂ ਦੀ ਕੀਤੀ ਹੱਤਿਆ, ਫਿਰ ਫਾਹਾ ਲੈ ਕੇ ਕਰ ਲਈ ਖੁਦਕੁਸ਼ੀ
Friday, Nov 14, 2025 - 11:59 PM (IST)
ਸ਼ਰਾਵਸਤੀ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਸ਼ਰਾਵਸਤੀ ਜ਼ਿਲੇ ਦੇ ਕੈਲਾਸ਼ਪੁਰ ਪਿੰਡ ’ਚ ਸ਼ੁੱਕਰਵਾਰ ਸਵੇਰੇ ਇਕ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਅੰਦਰੋਂ ਸ਼ੱਕੀ ਹਾਲਾਤ ’ਚ ਬਰਾਮਦ ਕੀਤੀਆਂ ਗਈਆਂ।ਮ੍ਰਿਤਕਾਂ ’ਚ ਪਤੀ-ਪਤਨੀ ਤੇ ਉਨ੍ਹਾਂ ਦੇ 3 ਛੋਟੇ ਬੱਚੇ ਸ਼ਾਮਲ ਹਨ।
ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਰੋਜ਼ ਅਲੀ (35), ਉਸ ਦੀ ਪਤਨੀ ਸ਼ਹਿਨਾਜ਼ (30), ਉਨ੍ਹਾਂ ਦੇ ਬੱਚਿਆਂ ਤਬੱਸੁਮ (6), ਗੁਲਨਾਜ਼ (4) ਤੇ ਮੋਇਨ (2) ਵਜੋਂ ਹੋਈ ਹੈ। ਸਾਰੇ ਇੱਕੋ ਕਮਰੇ ’ਚ ਮ੍ਰਿਤਕ ਮਿਲੇ। ਕਮਰਾ ਅੰਦਰੋਂ ਬੰਦ ਸੀ। ਪਿੰਡ ਵਾਸੀਆਂ ਨੇ ਦਰਵਾਜ਼ਾ ਤੋੜ ਦਿੱਤਾ।
ਪੁਲਸ ਦੇ ਸੁਪਰਡੈਂਟ ਰਾਹੁਲ ਭਾਟੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਰੋਜ਼ ਅਲੀ ਨੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਫਿਰ ਖ਼ੁਦਕੁਸ਼ੀ ਕਰ ਲਈ। ਬੱਚਿਆਂ ਦੀ ਮੌਤ ਦਾ ਕਾਰਨ ਦਮ ਘੁੱਟਣਾ ਮੰਨਿਆ ਜਾ ਰਿਹਾ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਤਨੀ ਵੱਲੋਂ ਆਪਣੇ ਮਾਪਿਆਂ ਦੇ ਘਰ ਜਾਣ ਨੂੰ ਲੈ ਕੇ ਦੋਹਾਂ ਦਰਮਿਅਾਨ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।
