ਪਤਨੀ ਤੇ 2 ਪੁਜਾਰੀਆਂ ਦਾ ਕਤਲ ਕਰਨ ਵਾਲਾ ਦੋਸ਼ੀ ਪੁਲਸ ਮੁਕਾਬਲੇ ''ਚ ਢੇਰ
Wednesday, Sep 23, 2026 - 10:54 AM (IST)
ਆਜ਼ਮਗੜ੍ਹ (ਏਜੰਸੀ)- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਅਹਰੌਲਾ ਥਾਣਾ ਖੇਤਰ ਦੇ ਅਧੀਨ ਸ਼ੰਭੂਪੁਰ ਪਿੰਡ 'ਚ ਪੂਜਾ ਦੌਰਾਨ ਹੋਏ ਝਗੜੇ ਤੋਂ ਬਾਅਦ ਤਿੰਨ ਲੋਕਾਂ ਦਾ ਕਤਲ ਕਰਨ ਦੇ ਦੋਸ਼ੀ ਅਰਵਿੰਦ ਸਿੰਘ ਨੂੰ ਬੀਤੀ ਦੇਰ ਰਾਤ ਆਜ਼ਮਗੜ੍ਹ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਏਟੀਐੱਸ ਦੀ ਸਾਂਝੀ ਟੀਮ ਨੇ ਇਕ ਮੁਕਾਬਲੇ 'ਚ ਮਾਰ ਦਿੱਤਾ। ਸੀਨੀਅਰ ਪੁਲਸ ਸੁਪਰਡੈਂਟ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਅਹਰੌਲਾ ਥਾਣਾ ਖੇਤਰ ਦੇ ਅਧੀਨ ਸ਼ੰਭੂਪੁਰ ਪਿੰਡ ਦੇ ਰਹਿਣ ਵਾਲੇ ਅਰਵਿੰਦ ਸਿੰਘ, ਜੋ ਕਿ ਸਵੇਰੇ 3:30 ਵਜੇ ਮੁਕਾਬਲੇ 'ਚ ਜ਼ਖਮੀ ਹੋਇਆ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਸ ਦੇ ਅਨੁਸਾਰ, ਅਰਵਿੰਦ ਸਿੰਘ ਮੰਗਲਵਾਰ ਸ਼ਾਮ 6 ਵਜੇ ਘਰ ਵਾਪਸ ਆਇਆ। ਉਸ ਸਮੇਂ, ਉਸ ਦੀ ਪਤਨੀ ਬਬੀਤਾ ਸਿੰਘ (32), 2 ਪੁਜਾਰੀਆਂ ਤੋਂ ਪੂਜਾ ਕਰਵਾ ਰਹੀ ਸੀ। ਘਰ 'ਚ ਧਾਰਮਿਕ ਰਸਮਾਂ ਨੂੰ ਦੇਖ ਕੇ ਅਰਵਿੰਦ ਗੁੱਸੇ 'ਚ ਆ ਗਿਆ ਅਤੇ ਆਪਣੀ ਪਤਨੀ ਅਤੇ ਦੋਵਾਂ ਪੁਜਾਰੀਆਂ ਨਾਲ ਦੁਰਵਿਵਹਾਰ ਕਰਨ ਲੱਗ ਪਿਆ। ਉਸ ਦੀ ਪਤਨੀ ਦੇ ਇਤਰਾਜ਼ ਨੇ ਝਗੜੇ ਨੂੰ ਹੋਰ ਵਧਾ ਦਿੱਤਾ। ਇਸ ਦੌਰਾਨ ਅਰਵਿੰਦ ਨੇ ਆਪਣੀ ਲਾਇਸੈਂਸੀ ਬੰਦੂਕ ਕੱਢੀ ਅਤੇ ਕਥਿਤ ਤੌਰ 'ਤੇ ਆਪਣੀ ਪਤਨੀ ਬਬੀਤਾ ਸਿੰਘ ਅਤੇ ਫਿਰ ਦੋ ਪੰਡਿਤਾਂ, ਜਿਨ੍ਹਾਂ ਦੀ ਪਛਾਣ ਮਹਿੰਦਰ ਪਾਠਕ (60) ਅਤੇ ਅਖਿਲੇਸ਼ ਮਿਸ਼ਰਾ (50) ਵਜੋਂ ਹੋਈ ਹੈ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ।
ਸੂਚਨਾ ਮਿਲਣ 'ਤੇ ਕਈ ਥਾਣਿਆਂ ਦੀਆਂ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਘਰ ਨੂੰ ਘੇਰ ਲਿਆ। ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਤਿੰਨ ਕਤਲਾਂ ਦੇ ਦੋਸ਼ੀ ਨੇ ਆਪਣੇ ਆਪ ਨੂੰ ਤਿੰਨ ਬੱਚਿਆਂ ਨਾਲ ਇਕ ਕਮਰੇ 'ਚ ਬੰਦ ਕਰ ਲਿਆ ਸੀ ਅਤੇ ਵਾਰ-ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਦੋਸ਼ੀ ਵਲੋਂ ਚਲਾਈ ਗਈ ਗੋਲੀ ਨਾਲ ਇਕ ਬੱਚੇ ਨੂੰ ਵੀ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਫਿਰ ਪੁਲਸ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਪੁਲਸ ਨੇ ਜਵਾਬੀ ਕਾਰਵਾਈ 'ਚ ਗੋਲੀ ਮਾਰ ਦਿੱਤੀ ਅਤੇ ਸਵੇਰੇ 3:30 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉੱਥੇ ਹੀ ਬੱਚਾ ਗੰਭੀਰ ਹਾਲਤ 'ਚ ਹੈ, ਜਦੋਂ ਕਿ ਬਾਕੀ 2 ਬੱਚੇ ਖ਼ਤਰੇ ਤੋਂ ਬਾਹਰ ਹਨ। ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਲਗਭਗ 7 ਘੰਟਿਆਂ ਤੱਕ ਦੋਸ਼ੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰਕੇ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ, ਅਤੇ ਭੂਤਾਂ-ਪ੍ਰੇਤਾਂ ਦੇ ਮੁੱਦੇ ਨੂੰ ਲੈ ਕੇ ਘਰ 'ਚ ਪੂਜਾ ਪਾਠ ਦਾ ਆਯੋਜਨ ਕੀਤਾ ਗਿਆ ਸੀ।
ਦੋਸ਼ੀ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਸੀ। ਵਾਰਾਣਸੀ ਦੇ ਏਡੀਜੀ ਨਵੀਨ ਅਰੋੜਾ ਦਾ ਕਹਿਣਾ ਹੈ ਕਿ 7 ਘੰਟੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਦੋਸ਼ੀ ਬਾਹਰ ਨਹੀਂ ਆਇਆ। ਇਸ ਦੌਰਾਨ ਗੋਲੀਬਾਰੀ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਸਾਡੇ ਕੋਲ ਕੋਈ ਵਿਕਲਪ ਨਹੀਂ ਸੀ। ਸਟਨ ਗ੍ਰੇਨੇਡ ਅਤੇ ਅੱਥਰੂ ਗੈਸ ਗ੍ਰੇਨੇਡ ਦੀ ਵਰਤੋਂ ਕਰਕੇ ਦਰਵਾਜ਼ਾ ਤੋੜਿਆ ਗਿਆ। ਇਸ ਤੋਂ ਬਾਅਦ ਡਾਕਟਰ ਅਨਿਲ ਕੁਮਾਰ ਐੱਸਓਜੀ ਟੀਮ ਨਾਲ ਅੰਦਰ ਗਏ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਅੰਦਰ ਗਏ, ਦੋਸ਼ੀ ਨੇ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੰਜ ਗੋਲੀਆਂ ਚਲਾਈਆਂ। ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਨਚ ਦੋਸ਼ੀ ਨੂੰ ਗੋਲੀ ਲੱਗ ਗਈ। ਇਸ ਮੁਕਾਬਲੇ 'ਚ ਦੋਸ਼ੀ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
