ਆਜ਼ਮਗੜ੍ਹ ’ਚ ਪਤਨੀ, ਬੱਚੇ ਅਤੇ 2 ਪੁਜਾਰੀਆਂ ਦੇ ਕਤਲ ਦਾ ਮੁਲਜ਼ਮ ਪੁਲਸ ਮੁਕਾਬਲੇ ’ਚ ਢੇਰ

Thursday, Sep 24, 2026 - 05:23 PM (IST)

ਆਜ਼ਮਗੜ੍ਹ ’ਚ ਪਤਨੀ, ਬੱਚੇ ਅਤੇ 2 ਪੁਜਾਰੀਆਂ ਦੇ ਕਤਲ ਦਾ ਮੁਲਜ਼ਮ ਪੁਲਸ ਮੁਕਾਬਲੇ ’ਚ ਢੇਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਦੇ ਅਹਰੌਲਾ ਥਾਣਾ ਖੇਤਰ ਵਿਚ ਪਤਨੀ ਅਤੇ 2 ਪੁਜਾਰੀਆਂ ਦੇ ਕਤਲ ਦੇ ਮੁਲਜ਼ਮ ਅਰਵਿੰਦ ਕੁਮਾਰ ਦੀ ਪੁਲਸ ਮੁਕਾਬਲੇ ਵਿਚ ਮੌਤ ਹੋ ਗਈ। ਘਟਨਾ ਵਿਚ ਉਸ ਦੇ 9 ਸਾਲਾ ਪੁੱਤਰ ਸ਼ੌਰਿਆ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਕ ਹੀ ਪਿੰਡ ਵਿਚ 5 ਮੌਤਾਂ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਪੁਲਸ ਮੁਤਾਬਕ, ਸ਼ੰਭੂਪੁਰ ਗਹਿਜੀ ਪਿੰਡ ਨਿਵਾਸੀ ਅਰਵਿੰਦ ਨੇ ਮੰਗਲਵਾਰ ਨੂੰ ਆਪਣੀ ਪਤਨੀ ਬਬੀਤਾ ਸਿੰਘ ਅਤੇ ਧਾਰਮਿਕ ਪ੍ਰੋਗਰਾਮ ਵਿਚ ਸ਼ਾਮਲ ਪੁਜਾਰੀਆਂ ਅਖਿਲੇਸ਼ ਮਿਸ਼ਰਾ ਅਤੇ ਮਹਿੰਦਰ ਪਾਠਕ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਆਪਣੇ 3 ਬੱਚਿਆਂ ਅਤੇ ਲਾਇਸੈਂਸੀ ਹਥਿਆਰ ਨਾਲ ਕਮਰੇ ਵਿਚ ਬੰਦ ਹੋ ਗਿਆ। ਪੁਲਸ ਅਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਤਮਸਮਰਪਣ ਲਈ ਕਾਫ਼ੀ ਦੇਰ ਤੱਕ ਸਮਝਾਇਆ, ਪਰ ਉਹ ਬਾਹਰ ਨਹੀਂ ਆਇਆ।

ਵਾਰਾਣਸੀ ਦੇ ਏ. ਡੀ. ਜੀ. ਨਵੀਨ ਅਰੋੜਾ ਅਨੁਸਾਰ ਕਮਰੇ ਵਿਚੋਂ ਗੋਲੀ ਚੱਲਣ ਦੀ ਆਵਾਜ਼ ਆਉਣ ਤੋਂ ਬਾਅਦ ਪੁਲਸ ਨੇ ਸਟਨ ਅਤੇ ਟਿਅਰ ਗੈਸ ਗ੍ਰੇਨੇਡ ਦੀ ਵਰਤੋਂ ਕਰ ਕੇ ਦਰਵਾਜ਼ਾ ਤੋੜਿਆ। ਅੰਦਰ ਦਾਖਲ ਹੁੰਦੇ ਹੀ ਅਰਵਿੰਦ ਨੇ ਪੁਲਸ ਟੀਮ ’ਤੇ 5 ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉੱਥੇ ਹੀ, ਗੰਭੀਰ ਰੂਪ ਵਿਚ ਜ਼ਖਮੀ ਸ਼ੌਰਿਆ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਮੁਲਜ਼ਮ ਦੀ 10 ਸਾਲਾ ਧੀ ਪਰੀ ਅਤੇ 6 ਮਹੀਨੇ ਦੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Harpreet SIngh

Content Editor

Related News