ਸੁਲਤਾਨਪੁਰ ਲੋਧੀ ''ਚ ਲੁੱਟ-ਖੋਹ ਕਰਨ ਵਾਲਾ ਗਿਰੋਹ ਬੇਨਕਾਬ, ਮੁੱਖ ਮੁਲਜ਼ਮ ਜੋਬਨਪ੍ਰੀਤ ਸਣੇ 2 ਨਾਬਾਲਗ ਗ੍ਰਿਫ਼ਤਾਰ

Monday, Sep 21, 2026 - 08:30 AM (IST)

ਸੁਲਤਾਨਪੁਰ ਲੋਧੀ ''ਚ ਲੁੱਟ-ਖੋਹ ਕਰਨ ਵਾਲਾ ਗਿਰੋਹ ਬੇਨਕਾਬ, ਮੁੱਖ ਮੁਲਜ਼ਮ ਜੋਬਨਪ੍ਰੀਤ ਸਣੇ 2 ਨਾਬਾਲਗ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ (ਧੀਰ) : ਮਾੜੇ ਅਨਸਰਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਪੂਰਥਲਾ ਪੁਲਸ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਕਬੀਰਪੁਰ ਪੁਲਿਸ ਨੇ ਇੱਕ ਲੁੱਟ-ਖੋਹ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 7 ਮੋਟਰਸਾਈਕਲ ਅਤੇ ਇੱਕ ਦਾਤਰ ਬਰਾਮਦ ਕੀਤਾ ਹੈ। ਇਹ ਕਾਰਵਾਈ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਆਈ.ਪੀ.ਐਸ. ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐਸ.ਪੀ.-ਡੀ ਹਰਿੰਦਰ ਸਿੰਘ ਅਤੇ ਏ.ਐਸ.ਪੀ. ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਦੀ ਅਗਵਾਈ ਹੇਠ ਕੀਤੀ ਗਈ। ਥਾਣਾ ਕਬੀਰਪੁਰ ਦੇ ਮੁੱਖ ਅਫਸਰ ਐਸ.ਆਈ. ਮਲਕੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਤੱਕ ਪਹੁੰਚ ਬਣਾਈ।

ਪੁਲਸ ਅਨੁਸਾਰ 18 ਸਤੰਬਰ ਨੂੰ ਹਰਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਡਬੂਲੀਆਂ, ਥਾਣਾ ਫੱਤੂਢੀਂਗਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ PB-09-AD-7833 ’ਤੇ ਪਿੰਡ ਲਾਟਵਾਲਾ ਤੋਂ ਬੂਸੋਵਾਲ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਬੂਸੋਵਾਲ ਨੇੜੇ ਪੀਰਾਂ ਦੀ ਜਗ੍ਹਾ ਕੋਲ ਪੁੱਜਿਆ ਤਾਂ 3 ਨੌਜਵਾਨਾਂ ਨੇ ਉਸਦਾ ਮੋਟਰਸਾਈਕਲ ਘੇਰ ਲਿਆ। ਸ਼ਿਕਾਇਤ ਮੁਤਾਬਕ ਪਿੱਛੇ ਬੈਠੇ ਨੌਜਵਾਨ ਨੇ ਦਾਤਰ ਨਾਲ ਉਸ ਦੀ ਬਾਂਹ ’ਤੇ ਵਾਰ ਕੀਤਾ ਅਤੇ ਡਰਾ-ਧਮਕਾ ਕੇ ਉਸ ਦਾ ਮੋਟਰਸਾਈਕਲ ਅਤੇ ਜੇਬ ਵਿੱਚੋਂ 5 ਹਜ਼ਾਰ ਰੁਪਏ ਖੋਹ ਲਏ। ਇਸ ਘਟਨਾ ਸਬੰਧੀ ਥਾਣਾ ਕਬੀਰਪੁਰ ਵਿਖੇ ਮੁਕੱਦਮਾ ਨੰਬਰ 52 ਮਿਤੀ 19-09-2026 ਅਧੀਨ ਧਾਰਾ 126(2), 309(6), 3(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨਵੇਂ ਮਕਾਨ ਦਾ ਜਸ਼ਨ ਮਨਾਉਂਦੇ ਯਾਰਾਂ 'ਤੇ ਫ਼ਾਇਰਿੰਗ!

ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜਾਂਚ ਤੇਜ਼ ਕਰ ਦਿੱਤੀ ਅਤੇ ਖੁਫੀਆ ਸੂਤਰਾਂ ਨੂੰ ਸਰਗਰਮ ਕੀਤਾ। ਪੁਲਸ ਟੀਮ ਨੇ 19 ਸਤੰਬਰ ਨੂੰ ਕਥਿਤ ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਲੱਖਾ ਸਿੰਘ ਵਾਸੀ ਘੜਕਾ, ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ 20 ਸਤੰਬਰ ਨੂੰ ਮਾਮਲੇ ਵਿੱਚ ਸ਼ਾਮਲ ਦੱਸੇ ਜਾ ਰਹੇ 2 ਨਾਬਾਲਗਾਂ ਨੂੰ ਵੀ ਕਾਬੂ ਕੀਤਾ ਗਿਆ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਮੁਲਜ਼ਮਾਂ ਦੇ ਖੁਲਾਸਿਆਂ ਦੇ ਆਧਾਰ ’ਤੇ ਕੁੱਲ 7 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਸ ਅਨੁਸਾਰ ਬਰਾਮਦਗੀ ਤੋਂ ਬਾਅਦ ਮਾਮਲੇ ਦੀਆਂ ਹੋਰ ਕੜੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਮੋਟਰਸਾਈਕਲ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨਾਲ ਸਬੰਧਤ ਹਨ। ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News