ਆਖਿਰ ਕਿਉਂ ਨਿਤੀਸ਼ ਕੁਮਾਰ ਭਾਜਪਾ ਦੀ ਕਮਜ਼ੋਰੀ ਹੈ!

06/12/2020 12:43:09 PM

ਸੰਜੀਵ ਪਾਂਡੇ 

ਬਿਹਾਰ ਵਿਚ ਚੋਣਾਂ ਲੜਨ ਲਈ ਭਾਜਪਾ ਇਕੱਲੀ ਮੈਦਾਨ `ਚ ਨਹੀਂ ਉੱਤਰੇਗੀ। ਕੋਵਿਡ -19 ਦੀ ਆਫ਼ਤ ਨੇ ਭਾਜਪਾ ਨੂੰ ਇਕੱਲੇ ਚੋਣ ਮੈਦਾਨ `ਚ ਜਾਣ ਤੋਂ ਰੋਕ ਦਿੱਤਾ ਹੈ। ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ ਇਹ ਗੱਲ ਲਗਭਗ ਸਪੱਸ਼ਟ ਕਰ ਹੀ ਦਿੱਤੀ ਹੈ। ਉਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਬਿਹਾਰ ਚੋਣਾਂ ਦਾ ਮੁੱਖ ਚਿਹਰਾ ਦੱਸਿਆ ਹੈ। ਕੋਵਿਡ -19 ਦੀ ਆਫ਼ਤ ਦੌਰਾਨ ਹੀ ਭਾਜਪਾ ਨੇ ਚੋਣ ਬਿਗੁਲ ਵੀ ਵਜਾ ਦਿੱਤਾ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਬਿਹਾਰ ਦੇ ਭਾਜਪਾ ਕਾਰਕੁੰਨਾਂ ਨੂੰ ਇੱਕ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ ਹੈ।ਵੈਸੇ ਤਾਂ ਭਾਜਪਾ ਹਮੇਸ਼ਾ ਚੋਣ ਮਨੋਦਸ਼ਾ ਵਿਚ ਰਹਿੰਦੀ ਹੈ ਪਰ ਕੋਵਿਡ -19 ਆਫ਼ਤ ਦੌਰਾਨ ਭਾਜਪਾ ਦੀ ਰੈਲੀ ਨੇ ਵਿਰੋਧੀ ਧਿਰ ਨੂੰ ਇੱਕ ਮੌਕਾ ਦੇ ਦਿੱਤਾ ਹੈ। ਦੂਜੇ ਪਾਸੇ ਬਿਹਾਰ ਦੇ ਵਿਕਾਸ ਦਾ ਪਰਦਾਫਾਸ਼ ਹੋ ਗਿਆ ਹੈ। ਪਰ ਬਿਹਾਰ ਵਿਧਾਨ ਸਭਾ ਦੀ ਚੋਣ ਜਾਤੀਵਾਦ ਦੇ ਆਧਾਰ 'ਤੇ ਲੜੀ ਜਾਏਗੀ। ਪੱਛੜੇ ਲੋਕ , ਦਲਿਤ, ਮਹਾਦਲਿਤ, ਓ.ਬੀ. ਸੀ. ਲੋਕ ਹੀ ਚੋਣ ਯੁੱਧ ਦੇ ਹਥਿਆਰ ਹੋਣਗੇ। ਸ਼ਾਇਦ ਲੱਖਾਂ ਪ੍ਰਵਾਸੀ ਵੀ ਅਗਲੇ ਦੋ-ਤਿੰਨ ਮਹੀਨਿਆਂ ਤੱਕ ਤਾਲਾਬੰਦੀ ਦੀਆਂ  ਮੁਸ਼ਕਲਾਂ ਨੂੰ ਭੁੱਲ ਜਾਣਗੇ। ਜਾਤੀਵਾਦ ਆਧਾਰ 'ਤੇ ਵੰਡੇ ਜਾਣਗੇ। ਫਿਰ ਵੋਟਾਂ ਉੱਥੇ ਪਾਈਆਂ ਜਾਣਗੀਆਂ; ਜਿਥੇ ਉਨ੍ਹਾਂ ਦੇ ਜਾਤੀ ਗਣਿਤ ਇਜਾਜ਼ਤ ਦੇਣਗੇ। ਇਹ ਬਿਹਾਰ ਦਾ ਕਰੜਾ ਸੱਚ ਹੈ।
ਬਿਹਾਰ ਵਿਚ ਜਾਤੀ ਬਟਵਾਰਾ ਭਾਜਪਾ ਦੇ ਰਾਹ ਵਿਚ ਰੋੜਾ ਹੈ। ਭਾਜਪਾ ਜਾਣਦੀ ਹੈ ਕਿ ਉਸਦੀ ਹਿੰਦੂਤਵੀ ਲਹਿਰ ਵਿੱਚ ਅਜੇ ਤੱਕ ਸਿਰਫ਼ ਬਿਹਾਰੀ ਉੱਚ ਵਰਗ ਹੀ ਵਹਿ ਰਿਹਾ ਹੈ। ਭਾਜਪਾ ਇਹ ਵੀ ਜਾਣਦੀ ਹੈ ਕਿ ਬਿਹਾਰ ਉੱਚ ਜਾਤੀ ਦਾ ਹਿੰਦੂਤਵ ਲਾਲੂ ਵਿਰੋਧੀ ਮਾਨਸਿਕਤਾ ਤੋਂ ਪੀੜਤ ਹੈ। ਜੇਕਰ ਅੱਜ ਲਾਲੂ ਅਤੇ ਉਸ ਦਾ ਪਰਿਵਾਰ ਬਿਹਾਰ ਦੀ ਰਾਜਨੀਤੀ ਦੇ ਦ੍ਰਿਸ਼ ਤੋਂ ਵੱਖ ਹੋ ਗਏ ਤਾਂ ਉੱਚ ਜਾਤੀਆਂ ਹਿੰਦੂਤਵ ਦੀ ਧਾਰਾ ਵਿਚ ਵਹਿਣਾ ਬੰਦ ਕਰ ਦੇਣਗੀਆਂ। ਉਹ ਧਰਮ ਨਿਰਪੱਖ ਵੀ ਹੋ ਸਕਦੀਆਂ ਹਨ।ਕਾਂਗਰਸ ਨਾਲ ਵੀ ਜਾ ਸਕਦੀਆਂ ਹਨ, ਕਿਉਂਕਿ ਉਨ੍ਹਾਂ ਦੀ ਆਰਥਿਕ ਦੁਰਦਸ਼ਾ ਪਿਛਲੇ ਵੀਹ ਸਾਲਾਂ ਤੋਂ ਮਾੜੀ ਹੁੰਦੀ ਜਾ ਰਹੀ ਹੈ। ਉਹ ਸ਼ਹਿਰਾਂ ਵਿਚ ਚੌਂਕੀਦਾਰੀ ਕਰਨ ਲਈ ਮਜ਼ਬੂਰ ਹਨ। ਉਸਾਰੀ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਇਨ੍ਹਾਂ ਸਥਿਤੀਆਂ ਵਿੱਚ, ਸਿਰਫ਼ ਉੱਚ ਪੱਧਰੀ ਹਿੰਦੂ ਵੋਟਾਂ ਦੇ ਸਮਰਥਨ ਕਾਰਨ ਭਾਜਪਾ ਇਕੱਲਿਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ `ਚ ਨਹੀਂ ਆਵੇਗੀ।
ਦਰਅਸਲ, ਨਿਤੀਸ਼ ਕੁਮਾਰ ਦੀ ਇੱਕ ਵੱਡੀ ਸਫਲਤਾ ਇਹ ਹੈ ਕਿ ਉਸਨੇ ਦਲਿਤਾਂ ਅਤੇ ਪੱਛੜੀਆਂ ਜਾਤੀਆਂ ਨੂੰ ਅੱਗੋਂ ਹੋਰ ਭਾਗਾਂ ਵੰਡ ਦਿੱਤਾ ਹੈ। ਲਾਲੂ ਯਾਦਵ ਦਾ ਸਮਾਜਿਕ ਨਿਆਂ ਦਲਿਤ ਅਤੇ ਪੱਛੜੇ ਲੋਕਾਂ ਤੱਕ ਸੀਮਤ ਸੀ। ਬੇਸ਼ਕ ਇਸ ਸਮਾਜਿਕ ਨਿਆਂ ਦਾ ਇੱਕ ਵੱਡਾ ਲਾਭ ਯਾਦਵ ਜਾਤੀ ਨੂੰ ਮਿਲਿਆ। ਬਾਕੀ ਜਾਤੀਆਂ ਸਿਰਫ਼ ਸਮਾਜਿਕ ਨਿਆਂ ਦੇ ਨਾਅਰਿਆਂ ਦਾ ਆਨੰਦ ਮਾਣਦੀਆਂ ਰਹੀਆਂ। ਸੱਤਾ ਦਾ ਲਾਭ ਅਤੇ ਮਲਾਈ ਯਾਦਵ ਜਾਤੀ ਨੂੰ ਮਿਲੀ। ਪਰ ਨਿਤੀਸ਼ ਕੁਮਾਰ ਨੇ ਚਲਾਕੀ ਨਾਲ ਬਿਹਾਰ ਦੇ ਵਿਕਾਸ ਦੇ ਨਾਮ ਤੇ ਪੱਛੜੇ ਲੋਕਾਂ ਨੂੰ ਸਭ ਤੋਂ ਵੱਧ ਪੱਛੜੇ ਅਤੇ ਪੱਛੜੇ ਲੋਕਾਂ ਦੀ ਸੂਚੀ ਵਿੱਚ ਵੰਡ ਦਿੱਤਾ। ਦਲਿਤਾਂ ਨੂੰ ਦਲਿਤਾਂ ਅਤੇ ਮਹਾਦਲਿਤਾਂ ਵਿੱਚ ਵੰਡ ਦਿੱਤਾ। ਭਾਜਪਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਬਿਹਾਰ ਦੇ ਅੰਦਰ ਭਾਜਪਾ ਅਜੇ ਵੀ ਪੱਛੜੇ ਅਤੇ ਦਲਿਤਾਂ ਦਰਮਿਆਨ ਆਪਣਾ ਪ੍ਰਭਾਵ ਬਣਾਉਣ `ਚ ਨਾਕਾਮਯਾਬ ਰਹੀ । ਭਾਜਪਾ ਬਿਨਾਂ ਸ਼ੱਕ ਬਿਹਾਰ ਦੇ ਕੁਸ਼ਵਾਹਾ, ਯਾਦਵ ਅਤੇ ਅਤਿ ਪੱਛੜੀਆਂ ਜਾਤੀਆਂ ਦੇ ਆਗੂਆਂ ਨੂੰ ਆਪਣੇ ਰਾਜਨੀਤਕ ਢਾਂਚੇ `ਚ ਜਗ੍ਹਾ ਦੇ ਰਹੀ ਹੈ। ਉਨ੍ਹਾਂ ਨੂੰ ਲੋਕ ਸਭਾ ਤੋਂ ਲੈ ਕੇ ਰਾਜ ਵਿਧਾਨਸਭਾ ਤੱਕ ਪਹੁੰਚਾਇਆ ਗਿਆ ਹੈ।ਇਨ੍ਹਾਂ ਜਾਤੀਆਂ ਦੇ ਆਗੂ ਭਾਜਪਾ ਕੋਟੇ `ਚ ਪਟਨੇ ਤੋਂ ਲੈ ਕੇ ਦਿੱਲੀ  ਤੱਕ ਮੰਤਰੀ ਹਨ। ਪਰ ਇਹ ਪੱਛੜੇ ਆਗੂ ਆਪਣੀ ਜਾਤੀ ਵਿੱਚ ਭਾਜਪਾ ਦਾ ਆਧਾਰ ਵਧਾਉਣ ਵਿੱਚ ਅਸਫਲ ਰਹੇ ਹਨ। ਇਸ ਦੀ ਇਕ ਉਦਾਹਰਨ ਨਿਤਿਆਨੰਦ ਰਾਏ, ਰਾਮਕ੍ਰਿਪਾਲ ਯਾਦਵ ਅਤੇ ਨੰਦ ਕਿਸ਼ੋਰ ਯਾਦਵ ਵਰਗੇ ਯਾਦਵ ਆਗੂ ਹਨ, ਜਿਨ੍ਹਾਂ ਨੂੰ ਯਾਦਵ ਜਾਤੀ ਦੇ ਨਾਂ 'ਤੇ ਭਾਜਪਾ ਵਿਚ ਜਗ੍ਹਾ ਤਾਂ ਮਿਲੀ,ਪਰ ਯਾਦਵ ਵੋਟਾਂ ਦੀ ਹਿੱਸੇਦਾਰੀ ਭਾਜਪਾ ਦੇ ਹੱਕ ‘ਚ ਅੱਜ ਤੱਕ ਨਾ ਭੁਗਤਾ ਸਕੇ।

PunjabKesari
ਨਿਤੀਸ਼ ਕੁਮਾਰ ਦੇ ਚੰਗੇ ਪ੍ਰਸ਼ਾਸਨ 'ਤੇ ਬਹੁਤ ਸਾਰੇ ਪ੍ਰਸ਼ਨ ਹਨ। ਸ਼ਰਾਬਬੰਦੀ `ਤੇ ਰੋਕ ਕਾਰਨ ਰਾਜ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਰਾਜ ਵਿਚ ਹੋਟਲ ਉਦਯੋਗ ਤਬਾਹ ਹੋ ਚੁੱਕਾ ਹੈ। ਸੈਰ-ਸਪਾਟਾ ਉਦਯੋਗ ਦਾ ਵੀ ਬੁਰਾ ਹਾਲ ਹੈ। ਇਸ ਦੇ ਨਾਲ ਹੀ ਰਾਜ ਵਿਚ ਹੇਠਲੇ ਪੱਧਰ 'ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪਰ ਸੱਚਾਈ ਇਹੀ ਹੈ ਕਿ ਬਿਹਾਰ ਦੀਆਂ ਚੋਣਾਂ ਵਿਚ ਜਾਤੀਵਾਦ ਹਾਵੀ ਹੋਵੇਗਾ। ਤੇਜਸਵੀ ਯਾਦਵ ਅਜੇ ਵੀ ਲਾਲੂ ਯਾਦਵ ਦੇ ਸ਼ਾਸਨ ਦੇ ਪਰਛਾਵੇਂ ਤੋਂ ਬਾਹਰ ਨਹੀਂ ਨਿਕਲ ਸਕੇ।ਇਸ ਸਥਿਤੀ `ਚ ਨਿਸਚਿਤ ਤੌਰ `ਤੇ ਜਾਤੀਵਾਦ ਦਾ ਮੁੱਦਾ ਉਭਾਰਿਆ ਜਾਵੇਗਾ।ਇਸ ਜਾਤੀਵਾਦ ਦੇ ਮੁੱਦੇ 'ਚ ਅਜੇ ਵੀ ਨਿਤੀਸ਼ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਬਿਹਾਰ ਦੀਆਂ ਉੱਚ ਜਾਤੀਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਲਾਲੂ ਦੀ ਰਾਸ਼ਟਰੀ ਜਨਤਾ ਦਲ ਦੀ ਹਾਰ ਦਾ ਫ਼ੈਸਲਾ ਤਦ ਹੀ ਹੋਵੇਗਾ ਜਦੋਂ ਨਿਤੀਸ਼ ਅਤੇ ਭਾਜਪਾ ਮਿਲ ਕੇ ਲੜਨਗੇ। ਭਾਜਪਾ ਕੋਲ ਵੀ ਇਸਦੀ ਜ਼ਮੀਨੀ ਜਾਣਕਾਰੀ ਹੈ। ਭਾਜਪਾ ਕੁਝ ਰਾਜਾਂ ਵਿੱਚ ਰਾਜਨੀਤਿਕ ਤਬਦੀਲੀਆਂ ਕਰਕੇ ਵੀ  ਪ੍ਰੇਸ਼ਾਨ ਹੈ। ਮਹਾਰਾਸ਼ਟਰ ਵਿੱਚ ਕਾਂਗਰਸ ਨੇ ਆਪਣੀ ਕੱਟੜ ਵਿਰੋਧੀ ਸ਼ਿਵ ਸੈਨਾ ਨਾਲ ਗੱਠਜੋੜ ਕਰ  ਭਾਜਪਾ ਨੂੰ ਹਕੂਮਤ 'ਚੋਂ ਬਾਹਰ ਕੱਢ ਦਿੱਤਾ। ਨਿਤੀਸ਼ ਪਹਿਲਾਂ ਹੀ ਰਾਜਦ ਦੇ ਸਮਰਥਨ ਨਾਲ ਬਿਹਾਰ ਵਿੱਚ ਸਰਕਾਰ ਬਣਾ ਚੁੱਕੇ ਹਨ। ਜੇਕਰ ਭਾਜਪਾ ਅੱਜ ਨਿਤੀਸ਼ ਨੂੰ ਛੱਡਦੀ ਹੈ ਤਾਂ ਨਿਤੀਸ਼ ਫਿਰ ਤੋਂ ਰਾਜਦ ਦੀ ਸ਼ਰਨ ਵਿਚ ਜਾ ਸਕਦੇ ਹਨ। ਨਿਤੀਸ਼ ਰਾਜਦ ਦੇ ਸਾਥ ਨਾਲ ਚੋਣਾਂ ਲੜਨ ਲਈ ਤਿਆਰ ਹੋਣਗੇ। ਕਿਉਂਕਿ ਨਿਤੀਸ਼ ਕੁਮਾਰ ਪਹਿਲਾਂ ਵੀ ਸੱਤਾ ਪ੍ਰਾਪਤ ਕਰਨ ਲਈ ਆਪਣਾ ਵਿਚਾਰਧਾਰਕ ਆਧਾਰ ਤਿਆਗ ਚੁੱਕੇ ਹਨ।ਭਾਜਪਾ ਇਹ ਵੀ ਜਾਣਦੀ ਹੈ ਕਿ ਨਿਤਿਸ਼ ਕੁਮਾਰ ਦਾ ਪੱਛੜੀਆਂ ਸ਼ੇਣੀਆਂ ਦੀ ਮਜ਼ਬੂਤ ਜਾਤੀ ਕੁਰਮੀ ਅਤੇ ਕੋਯਾਰੀ ਵਿਚ ਵੱਡਾ ਆਧਾਰ ਹੈ। ਲੋਕ ਸਭਾ ਚੋਣਾਂ ਵਿੱਚ ਰਾਸ਼ਟਰਵਾਦ ਦੇ ਨਾਮ ‘ਤੇ ਇਨ੍ਹਾਂ ਵਿੱਚੋਂ ਕੁਝ ਵੋਟਾਂ ਭਾਜਪਾ ਨੂੰ ਮਿਲ ਸਕਦੀਆਂ ਹਨ, ਪਰ ਰਾਜ ਵਿੱਚ ਵੋਟਰਾਂ ਦੀ ਪਹਿਲੀ ਪਸੰਦ ਨਿਤੀਸ਼ ਕੁਮਾਰ ਹਨ। ਕੁਰਮੀ ਨਿਤੀਸ਼ ਨੂੰ ਕਿਸੇ ਵੀ ਕੀਮਤ 'ਤੇ ਛੱਡ ਨਹੀਂ ਸਕਦੇ ਹਨ।ਦਰਅਸਲ ਜਨਸੰਖਿਆਂ ਦੇ ਆਧਾਰ `ਤੇ ਮਜ਼ਬੂਤ ਪੱਛੜੀਆਂ ਸ਼ੇਣੀਆਂ ਯਾਦਵ, ਕੁਰਮੀ ਅਤੇ ਕੋਇਰੀ ਅੱਜ ਵੀ ਭਾਜਪਾ ਵਿਰੋਧੀ ਹਨ।
ਦੂਜੇ ਪਾਸੇ ਭਾਜਪਾ ਪੱਖੀ ਉੱਚ ਜਾਤੀਆਂ ਦੀ ਇਕ ਹੋਰ ਸਮੱਸਿਆ ਹੈ। ਉੱਚ ਜਾਤੀ ਦੇ ਬਹੁਤੇ ਲੋਕ ਪਿੰਡ ਛੱਡ ਸ਼ਹਿਰਾਂ ਵਿੱਚ ਵਸ ਗਏ ਹਨ। ਇਸ ਤਰ੍ਹਾਂ ਉੱਚ ਜਾਤੀਆਂ; ਲੋਕ ਸਭਾ ਚੋਣਾਂ ਵਿਚ ਭਾਜਪਾ ਲਈ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ। ਪਰ ਵਿਧਾਨ ਸਭਾ ਵਿਚ ਪੇਂਡੂ ਦਬਦਬੇ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਉੱਚ ਜਾਤੀਆਂ ਦੀ ਘੱਟ ਆਬਾਦੀ ਭਾਜਪਾ ਲਈ ਨੁਕਸਾਨਦੇਹ ਹੈ। ਇਸ ਸਥਿਤੀ `ਚ ਨਿਤੀਸ਼ ਨਾਲ ਸਾਂਝ ਬਣਾ ਕੇ ਹੀ ਭਾਜਪਾ ਪੇਂਡੂ ਵਿਧਾਨਸਭਾ ਜਿੱਤ ਸਕਦੀ ਹੈ। ਹਾਲਾਂਕਿ, ਕੁਝ ਭਾਜਪਾ ਅਗੂਆਂ ਨੇ ਨਿਤੀਸ਼ ਕੁਮਾਰ ਵਿਰੁੱਧ ਖੁੱਲ੍ਹ ਕੇ ਮੋਰਚੇਬੰਦੀ ਕਰ ਰੱਖੀ ਹੈ। ਸਾਬਕਾ ਕੇਂਦਰੀ ਮੰਤਰੀ ਸੰਜੇ ਪਾਸਵਾਨ ਉਨ੍ਹਾਂ ਵਿਚੋਂ ਇਕ ਹਨ। ਭਾਜਪਾ ਦੇ ਹੇਠਲੇ ਪੱਧਰ ਦੇ ਕਾਰਕੁੰਨਾਂ ਵਿੱਚ ਨਿਤੀਸ਼ ਕੁਮਾਰ ਪ੍ਰਤੀ ਨਾਰਾਜ਼ਗੀ ਹੈ। ਇਹ ਕਠੋਰ ਸੱਚਾਈ ਹੈ।ਪਰ ਭਾਜਪਾ ਦੇ ਕਈ  ਵੱਡੇ ਆਗੂ ਅਤੇ ਮੰਤਰੀ ਨਿਤੀਸ਼ ਕੁਮਾਰ ਨਾਲ ਟੱਕਰ ਲੈਣ ਦੇ ਮਿਜ਼ਾਜ ਵਿਚ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ 2015 ਦੇ ਚੋਣ ਨਤੀਜੇ ਯਾਦ ਹਨ। ਇਸ ਚੋਣ ਵਿਚ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਨੇ ਮਿਲ ਕੇ ਭਾਜਪਾ ਨੂੰ ਬਿਹਾਰ ਦੀ ਸੱਤਾ ਤੋਂ ਲਾਂਬੇ ਕਰ ਦਿੱਤਾ ਸੀ। 2015 ਦੀਆਂ ਵਿਧਾਨ ਸਭਾ ਚੋਣਾਂ ਨੇ ਭਾਜਪਾ ਨੇਤਾਵਾਂ ਦਾ ਸੱਤਾ ਦਾ ਸੁੱਖ ਖੋਹ ਲਿਆ ਸੀ।

ਹਾਲਾਂਕਿ, ਕੋਵਿਡ -19 ਦੇ ਕਾਰਨ ਨਿਤੀਸ਼ ਕੁਮਾਰ ਦੀਆਂ ਮੁਸ਼ਕਲਾਂ ਵਧੀਆਂ ਹਨ।ਕੋਵਿਡ -19 ਦਰਮਿਆਨ ਹੇਠਲੇ ਪੱਧਰ 'ਤੇ, ਰਾਜ ਵਿਚ ਮੈਡੀਕਲ ਸਮੇਤ ਕਈ ਹੋਰ ਸੇਵਾਵਾਂ ਤੇ ਸਰਕਾਰ ਦਾ ਪ੍ਰਬੰਧ ਮਾੜਾ ਸੀ।ਦੂਜੇ ਰਾਜਾਂ ਤੋਂ ਆਏ ਬਿਹਾਰੀ ਪ੍ਰਵਾਸੀਆਂ ਨੇ ਵੀ ਨਿਤੀਸ਼ ਕੁਮਾਰ ਦੀ ਚਿੰਤਾ ਵਧਾ ਦਿੱਤੀ ਹੈ।ਹਾਲਾਂਕਿ, ਨਿਤੀਸ਼ ਜਾਣਦੇ ਹਨ ਕਿ ਪਰਵਾਸੀ ਮਜ਼ਦੂਰਾਂ ਦੀ ਜਿੰਨੀ ਨਾਰਾਜ਼ਗੀ ਬਿਹਾਰ ਸਰਕਾਰ ਨਾਲ ਹੈ ;ਉਸ ਤੋਂ ਕਿਤੇ ਵੱਧ ਕੇਂਦਰ ਸਰਕਾਰ ਨਾਲ ਹੈ।ਪ੍ਰਵਾਸੀ ਮਜ਼ਦੂਰ ਇਸ ਗੱਲੋਂ ਬਹੁਤ ਨਾਰਾਜ਼ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਤਾਲਾਬੰਦੀ ਦੀ ਘੋਸ਼ਣਾ ਨੇ ਉਨ੍ਹਾਂ ਦੀ ਹਾਲਾਤ ਕਾਫ਼ੀ ਖ਼ਰਾਬ ਕਰ ਦਿੱਤਾ ਹੈ । ਕੇਂਦਰ ਸਰਕਾਰ ਨੇ ਕਾਫ਼ੀ ਹੰਗਾਮੇ ਤੋਂ ਬਾਅਦ ਸ਼੍ਰਮਿਕ ਸਪੈਸ਼ਲ ਰੇਲਾਂ ਚਲਾਈਆਂ ਸਨ।ਇਹਨਾਂ ਰੇਲਾਂ `ਚ ਵੀ ਮਜ਼ਦੂਰਾਂ ਦੀ ਹਾਲਤ ਕਾਫ਼ੀ ਖ਼ਰਾਬ ਰਹੀ ਸੀ।ਜਦੋਂ ਮਜ਼ਦੂਰ ਬਿਹਾਰ ਪਹੁੰਚੇ ਤਾਂ ਉਨ੍ਹਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰਾਂ ਦਾ ਬੁਰਾ ਹਾਲ ਸੀ। ਇਨ੍ਹਾਂ ਕੇਂਦਰਾਂ `ਚ ਹੇਠਲੇ ਪੱਧਰ ਦੇ  ਲੋਕਾਂ ਨੂੰ ਚੰਗੀਆਂ ਸਹੂਲਤਾਂ ਨਹੀਂ ਮਿਲੀਆਂ।ਪਰ ਭਾਜਪਾ ਇਸ ਤੱਥ ਨੂੰ ਵੀ ਜਾਣਦੀ ਹੈ ਕਿ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਦਾ ਗੁੱਸਾ ਸਿਰਫ ਨਿਤੀਸ਼ ਨਾਲ ਹੀ ਨਹੀਂ ਭਾਜਪਾ ਨਾਲ ਵੀ ਹੈ।ਕਿਉਂਕਿ ਤਾਲਾਬੰਦੀ ਕਾਰਨ ਦੇਸ਼ ਵਿਚ ਪਰਵਾਸੀਆਂ ਦੀ ਸਥਿਤੀ ਬਹੁਤ ਵਿਗੜ ਗਈ ਸੀ।ਹਾਲਾਂਕਿ, ਇਹ ਵੀ ਖ਼ਦਸ਼ਾ ਹੈ ਕਿ ਆਉਣ ਵਾਲੀਆਂ ਚੋਣਾਂ ਤੱਕ ਇਹ ਪ੍ਰਵਾਸੀ ਮਜ਼ਦੂਰ ਵੀ ਜਾਤੀ  ਆਧਾਰ 'ਤੇ ਵੰਡੇ ਜਾਣਗੇ।ਤਾਲਾਬੰਦੀ ਦੀਆਂ ਸਮੱਸਿਆਵਾਂ ਨੂੰ ਭੁੱਲ ਜਾਣਗੇ।


Harnek Seechewal

Content Editor

Related News