ਮਹਾਰਾਸ਼ਟਰ ਦੇ ਸਿਹਤ ਮੰਤਰੀ ਬੋਲੇ-ਉੱਤਰ ਪ੍ਰਦੇਸ਼, ਗੁਜਰਾਤ ਨੂੰ ਦਿੱਤੇ ਜ਼ਿਆਦਾ ਟੀਕੇ, ਸਾਨੂੰ ਘੱਟ

Friday, Apr 09, 2021 - 12:10 PM (IST)

ਮਹਾਰਾਸ਼ਟਰ ਦੇ ਸਿਹਤ ਮੰਤਰੀ ਬੋਲੇ-ਉੱਤਰ ਪ੍ਰਦੇਸ਼, ਗੁਜਰਾਤ ਨੂੰ ਦਿੱਤੇ ਜ਼ਿਆਦਾ ਟੀਕੇ, ਸਾਨੂੰ ਘੱਟ

ਮੁੰਬਈ– ਕੋਰੋਨਾ ਵੈਕਸੀਨ ਨੂੰ ਲੈ ਕੇ ਮਹਾਰਾਸ਼ਟਰ ਤੇ ਕੇਂਦਰ ਸਰਕਾਰ ਦਾ ਝਗੜਾ ਵਧਦਾ ਹੀ ਜਾ ਰਿਹਾ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਹੈ, ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੂਬੇ ਨੂੰ ਵੈਕਸੀਨ ਦੀਆਂ ਸਿਰਫ ਸਾਢੇ 7 ਲੱਖ ਡੋਜ਼ ਹੀ ਦਿੱਤੀਆਂ ਹਨ। ਟੋਪੇ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਹਰਿਆਣਾ ਵਰਗੇ ਸੂਬਿਆਂ ਨੂੰ ਇਸ ਤੋਂ ਜ਼ਿਆਦਾ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਮੈਂ ਵੈਕਸੀਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਗੱਲ ਕੀਤੀ। ਇੰਨਾ ਹੀ ਨਹੀਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀ ਹਰਸ਼ਵਰਧਨ ਨਾਲ ਗੱਲ ਕੀਤੀ ਹੈ ਪਰ ਮਹਾਰਾਸ਼ਟਰ ਨਾਲ ਭੇਦਭਾਵ ਹੋ ਰਿਹਾ ਹੈ, ਉਹ ਵੀ ਅਜਿਹੇ ਸਮੇਂ ਜਦ ਸੂਬੇ ’ਚ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ ਤੇ ਸਾਡੇ ਕੋਲ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਘੱਟ ਵੈਕਸੀਨ ਕਿਉਂ ਦਿੱਤੀਆਂ ਜਾ ਰਹੀਆਂ ਹਨ? ਅਸੀਂ ਹਰ ਮਹੀਨੇ ਇਕ ਕਰੋੜ 60 ਲੱਖ ਲੋਕਾਂ ਨੂੰ ਅਤੇ ਹਰ ਹਫਤੇ 40 ਲੱਖ ਲੋਕਾਂ ਨੂੰ ਵੈਕਸੀਨ ਦੇਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਹਰ ਦਿਨ 6 ਲੱਖ ਲੋਕਾਂ ਨੂੰ ਵੈਕਸੀਨ ਲਗਾ ਰਹੇ ਹਾਂ।

ਉੱਧਰ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਦੋਸ਼ ਲਗਾਇਆ ਕਿ ਮਹਾਰਸ਼ਟਰ ’ਚ ਸੂਬਾ ਸਰਕਾਰ ਕੋਲ ਯੋਜਨਾ ਦੀ ਕਮੀ ਦੇ ਕਾਰਣ ਕੋਰੋਨਾ ਟੀਕਿਆਂ ਦੀਆਂ 5 ਲੱਖ ਖੁਰਾਕਾਂ ਬਰਬਾਦ ਹੋ ਗਈਆਂ। ਮਹਾਰਾਸ਼ਟਰ ਨਾਲ ਸਬੰਧ ਰੱਖਣ ਵਾਲੇ ਜਾਵਡੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਹਾਰਾਸ਼ਟਰ ਸਰਕਾਰ ਕੋਲ ਟੀਕਿਆਂ ਦੀਆਂ 23 ਲੱਖ ਖੁਰਾਕਾਂ ਉਪਲਬਧ ਹਨ ਜੋਕਿ 5-6 ਦਿਨਾਂ ਦਾ ਸਟਾਕ ਹੈ। ਇਨ੍ਹਾਂ ਨੂੰ ਪਿੰਡਾਂ ਤੇ ਜ਼ਿਲਿਆਂ ’ਚ ਵੰਡਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਇਸ ਦੌਰਾਨ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ’ਚ ਕੋਰੋਨਾ ਮਹਾਮਾਰੀ ਫਿਰ ਤੋਂ ਖੌਫਨਾਕ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਤੇ ਉਨ੍ਹਾਂ ਨੇ ਮਦਦ ਦਾ ਭਰੋਸਾ ਦਿੱਤਾ ਹੈ।


author

Rakesh

Content Editor

Related News