ਪੇਪਰ ਲੀਕ ਮਾਸਟਰਮਾਈਂਡ ਕੋਲ 12 ਬੋਰੀਆਂ ’ਚੋਂ ਮਿਲੀਆਂ ਫਰਜ਼ੀ ਡਿਗਰੀਆਂ

Friday, Dec 30, 2022 - 02:07 PM (IST)

ਪੇਪਰ ਲੀਕ ਮਾਸਟਰਮਾਈਂਡ ਕੋਲ 12 ਬੋਰੀਆਂ ’ਚੋਂ ਮਿਲੀਆਂ ਫਰਜ਼ੀ ਡਿਗਰੀਆਂ

ਉਦੈਪੁਰ- ਉਦੈਪੁਰ ’ਚ ਚੱਲ ਰਹੇ ਪੇਪਰ ਲੀਕ ਦਾ ਮਾਮਲਾ ਹੁਣ ਜੈਪੁਰ ਪਹੁੰਚ ਚੁੱਕਾ ਹੈ। ਮੰਗਲਵਾਰ ਰਾਤ ਜੈਪੁਰ ਕਮਿਸ਼ਨਰੇਟ ਪੁਲਸ ਨੇ 6 ਲੋਕਾਂ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਫਰਜ਼ੀ ਉੱਤਰ ਪੱਤਰੀਆਂ ਅਤੇ ਡਿਗਰੀਆਂ ਦੇ ਨਾਲ ਗ੍ਰਿਫਤਾਰ ਕੀਤਾ। ਗ੍ਰਿਫਤਾਰ ਸਾਰੇ 6 ਵਿਅਕਤੀ ਪੇਪਰ ਲੀਕ ਦੇ ਮਾਸਟਰਮਾਈਂਡ ਭੂਪਿੰਦਰ ਸਾਰਨ ਦੇ ਪਰਿਵਾਰਕ ਮੈਂਬਰ ਅਤੇ ਇਕ ਉਸ ਦੀ ਪ੍ਰੇਮਿਕਾ ਹੈ। ਹੁਣ ਤੱਕ ਦੀ ਪੁੱਛਗਿੱਛ ’ਚ ਗ੍ਰਿਫਤਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ- ਡਿਗਰੀਆਂ ਵੇਚ ਕੇ ਭੁਪਿੰਦਰ ਕਰੋੜਾਂ ਰੁਪਏ ਕਮਾ ਰਿਹਾ ਸੀ। ਮਾਨਸਰੋਵਰ ’ਚ ਦੋਸ਼ੀ ਦੇ ਘਰੋਂ 12 ਬੋਰੀਆਂ ’ਚ ਭਰੀਆਂ ਇੰਨੀਆਂ ਡਿਗਰੀਆਂ ਮਿਲੀਆਂ ਕਿ ਪੁਲਸ ਵੀ ਹੈਰਾਨ ਰਹਿ ਗਈ। ਸਾਰੀਆਂ ਅਸਲੀਆਂ ਵਰਗੀਆਂ ਸਨ। ਪੁਲਸ ਵੀ ਦੋਵਾਂ ’ਚ ਫਰਕ ਨਹੀਂ ਕਰ ਸਕੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਡਿਗਰੀਆਂ ਰਾਹੀਂ ਕਈ ਲੋਕ ਸਰਕਾਰੀ ਨੌਕਰੀਆਂ ’ਤੇ ਲੱਗੇ ਹਨ।

ਵਧੀਕ ਪੁਲਸ ਕਮਿਸ਼ਨਰ ਅਜੈਪਾਲ ਲਾਂਬਾ ਨੇ ਦੱਸਿਆ ਕਿ ਭੂਪਿੰਦਰ ਸਾਰਨ ਦੀ ਸ਼ਹਿ ’ਚ ਪਰਿਵਾਰ ਦੇ 6 ਮੈਂਬਰਾਂ ਨੇ ਧੰਦਾ ਚਲਾ ਰੱਖਿਆ ਸੀ। ਇਨ੍ਹਾਂ ਕੋਲ ਜੰਮੂ-ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਡਿਗਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ’ਚ ਨਾਮ, ਫੋਟੋ, ਸੀਲ, ਮੋਹਰ, ਸਾਇਨ ਸਭ ਕੁਝ ਕੀਤਾ ਹੋਇਆ ਹੈ। ਇੱਥੋਂ ਮਿਲੇ ਸਾਰੇ ਦਸਤਾਵੇਜ਼ ਪੁਲਸ ਨੇ ਜ਼ਬਤ ਕਰ ਲਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਰਿਮਾਂਡ ’ਤੇ ਲੈਣ ਤੋਂ ਬਾਅਦ ਹੋਰ ਵੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ।

ਲਾਂਬਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਡਿਗਰੀਆਂ ਬਣਾਉਣ ਲਈ ਇਨ੍ਹਾਂ ਬਦਮਾਸ਼ਾਂ ਨੂੰ ਪੈਸੇ ਦਿੱਤੇ ਹਨ। ਪੁਲਸ ਉਨ੍ਹਾਂ ਲੋਕਾਂ ਦੀ ਸੂਚੀ ਬਣਾ ਰਹੀ ਹੈ। ਪੁਲਸ ਨੂੰ ਇਨ੍ਹਾਂ ਵਿਅਕਤੀਆਂ ਦੀ ਜਾਣਕਾਰੀ ਦੋਵਾਂ ਘਰਾਂ ਤੋਂ ਮਿਲੀਆਂ ਜਾਅਲੀ ਡਿਗਰੀਆਂ ਤੋਂ ਮਿਲੀ ਹੈ।

ਡਿਗਰੀਆਂ ਲਈ ਪੈਸੇ ਫਿਕਸ ਨਹੀਂ ਸਨ, ਲੋੜ ਮੁਤਾਬਕ ਪੈਸੇ ਵਧੇ ਜਾਂ ਘਟਾਏ ਗਏ। ਪੁਲਸ ਪੁੱਛਗਿੱਛ ’ਚ ਦੋਸ਼ੀਆਂ ਨੇ ਦੱਸਿਆ ਕਿ ਡਿਗਰੀਆਂ ਲਈ ਪੈਸੇ ਫਿਕਸ ਨਹੀਂ ਸਨ। 10 ਹਜ਼ਾਰ ਤੋਂ ਲੈ ਕੇ 5 ਲੱਖ ਤੱਕ ਡਿਗਰੀ ਅਤੇ ਮਾਰਕ ਸ਼ੀਟ ਦਾ ਚਾਰਜ ਲਿਆ ਜਾਂਦਾ ਸੀ। ਸਾਹਮਣੇ ਵਾਲੇ ਦੀ ਲੋੜ ਸੁਣਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਉਸ ਤੋਂ ਕਿੰਨੇ ਪੈਸੇ ਵਸੂਲੇ ਜਾਣੇ ਹਨ। ਦੋਸ਼ੀਆਂ ਨੇ ਦੱਸਿਆ ਕਿ ਜਾਅਲੀ ਡਿਗਰੀਆਂ ਲਈ ਲੋਕ ਮੂੰਹ ਮੰਗੇ ਪੈਸੇ ਦਿੰਦੇ ਸਨ।


author

Rakesh

Content Editor

Related News