ਕੌਣ ਸਨ ਮਹਾਰਾਸ਼ਟਰ ਚੋਣਾਂ ਵਿਚ ਫਿਕਸਿੰਗ ਦੀ ਪੇਸ਼ਕਸ਼ ਕਰਨ ਵਾਲੇ 2 ਲੋਕ?
Thursday, Aug 14, 2025 - 11:40 PM (IST)

ਨੈਸ਼ਨਲ ਡੈਸਕ- ਦਿੱਲੀ ਦੇ ਸਿਆਸੀ ਗਲਿਆਰਿਆਂ ਵਿਚ ਹਲਚਲ ਮਚਾ ਦੇਣ ਵਾਲੇ ਇਕ ਖੁਲਾਸੇ ਵਿਚ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2 ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਇਕ ਹੈਰਾਨ ਕਰਨ ਵਾਲਾ ਵਾਅਦਾ ਕੀਤਾ ਸੀ ਕਿ ਉਹ ਵਿਰੋਧੀ ਧਿਰ ਨੂੰ 288 ਵਿਚੋਂ 160 ਸੀਟਾਂ ’ਤੇ ਜਿੱਤ ਦੀ ਗਾਰੰਟੀ ਦਿੰਦੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ‘ਮੈਨੇਜ’ ਕਰ ਸਕਦੇ ਹਨ।
ਇਸ ਦਾਅਵੇ ਨੇ 2014 ਦੀਆਂ ਲੋਕ ਸਭਾ ਚੋਣਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਦੋਂ ਕਥਿਤ ਤੌਰ ’ਤੇ ਅਜਿਹੀ ਹੀ ਇਕ ਜੋੜੀ ਨੇ ਇਕ ਸੀਨੀਅਰ ਕਾਂਗਰਸੀ ਮੰਤਰੀ ਨੂੰ ਈ. ਵੀ. ਐੱਮ. ਵਿਚ ਹੇਰਾਫੇਰੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਸੀ ਕਿ ਫਿਰ ਇਸ ਜੋੜੀ ਨੇ ਭਾਜਪਾ ਦਾ ਦਰਵਾਜ਼ਾ ਖੜਕਾਇਆ। ਹਾਲਾਂਕਿ, ਕੁਝ ਵੀ ਸਾਬਤ ਨਹੀਂ ਹੋਇਆ ਕਿਉਂਕਿ ਉਦੋਂ ਕੋਈ ਦੋਸ਼ ਨਹੀਂ ਸਨ ਅਤੇ ਮਾਮਲਾ ਠੰਢਾ ਪੈ ਗਿਆ।
ਫਿਰ ਜਨਵਰੀ 2019 ਆਇਆ, ਜਦੋਂ ਲੰਡਨ ਵਿਚ ਸਵੈ-ਘੋਸ਼ਿਤ ਭਾਰਤੀ ਸਾਈਬਰ ਮਾਹਰ ਸਈਦ ਸ਼ੁਜਾ ਨੇ ਇਕ ਅਜੀਬੋ-ਗਰੀਬ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਸਨੇ ਦੋਸ਼ ਲਗਾਇਆ ਕਿ 2014 ਦੀਆਂ ਚੋਣਾਂ ‘ਧਾਂਧਲੀ’ ਹੋਈ ਸੀ ਅਤੇ ਗੋਪੀਨਾਥ ਮੁੰਡੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲਾਂ ਨੂੰ ਈ. ਵੀ. ਐੱਮ. ਦੀ ਸਾਜ਼ਿਸ਼ ਨਾਲ ਜੋੜਿਆ ਗਿਆ ਸੀ। ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਦੀ ਉਥੇ ਅਚਾਨਕ ਮੌਜੂਦਗੀ ਨੇ ਕਾਂਗਰਸ ਨੂੰ ਸ਼ਰਮਿੰਦਾ ਕਰ ਦਿੱਤਾ, ਜਿਸਨੇ ਤੁਰੰਤ ਆਪਣੇ ਆਪ ਨੂੰ ਇਸ ਦਾਅਵੇ ਤੋਂ ਦੂਰ ਕਰ ਲਿਆ, ਭਾਵੇਂ ਕਿ ਇਸਨੇ ਈ. ਵੀ. ਐੱਮ. ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ। ਧਿਆਨ ਦੇਣ ਯੋਗ ਹੈ ਕਿ ਪਵਾਰ ਹੁਣ ਤੱਕ ਇਸ ਮੁੱਦੇ ’ਤੇ ਚੁੱਪ ਰਹੇ ਹਨ।
ਸ਼ਰਦ ਪਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਰਹੱਸਮਈ ਜੋੜੀ ਦਾ ਪਰਿਚੈ ਰਾਹੁਲ ਗਾਂਧੀ ਨਾਲ ਕਰਾਇਆ ਸੀ ਪਰ ਦੋਵਾਂ ਨੇਤਾਵਾਂ ਨੇ ਇਹ ਕਹਿੰਦੇ ਹੋਏ ‘ਪ੍ਰਸਤਾਵ’ ਠੁਕਰਾ ਦਿੱਤਾ ਕਿ ਇਹ ਸਾਡਾ ਤਰੀਕਾ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਪਵਾਰ ਦਾ ਦਾਅਵਾ ਹੈ ਿਕ ਉਨ੍ਹਾਂ ਨੇ ਕਦੇ ਉਨ੍ਹਾਂ ਦੇ ਸੰਪਰਕ ਵੇਰਵੇ ਨਹੀਂ ਰੱਖੇ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਦਾਅਵਿਆਂ ਨੂੰ ਮਹੱਤਵ ਨਹੀਂ ਦਿੱਤਾ। ਫਿਰ ਵੀ, ਉਨ੍ਹਾਂ ਦਾ ਇਹ ਖੁਲਾਸਾ ਰਾਹੁਲ ਦੇ ਹਾਲੀਆ ‘ਵੋਟ ਚੋਰੀ’ ਦੇ ਦੋਸ਼ਾਂ ਨਾਲ ਮੇਲ ਖਾਂਦਾ ਹੈ ਅਤੇ ਚੋਣ ਕਮਿਸ਼ਨ ਦੀ ਜਾਂਚ ਦੀ ਮੰਗ ਕਰਦਾ ਹੈ।
ਸ਼ਰਦ ਪਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕਰਨ ਦੇ ਨਾਲ ਕਿ ਇਹ ਲੋਕ ‘ਉਨ੍ਹਾਂ ਦੇ ਕਹਿਣ ’ਤੇ’ ਰਾਹੁਲ ਨੂੰ ਮਿਲੇ ਸਨ, ਇਹ ਘਟਨਾ ਹੁਣ ਸਿਆਸੀ ਗਲਿਆਰਿਆਂ ਤੋਂ ਬਾਹਰ ਨਿਕਲਕੇ ਅਪਰਾਧਿਕ ਜਾਂਚ ਦੇ ਖੇਤਰ ਵਿਚ ਆ ਸਕਦੀ ਹੈ। ਇਸ ਮਾਮਲੇ ਵਿਚ ਇਕੋ-ਇਕ ਰੁਕਾਵਟ ਇਹ ਹੈ ਕਿ ਇਸ ਵਿਚ ਕੋਈ ਸਬੂਤ ਮਿਲਣਾ ਓਨਾਂ ਹੀ ਮੁਸ਼ਕਲ ਹੈ ਜਿੰਨੇ ਉਹ ਰਹੱਸਮਈ ਲੋਕ, ਜੋ ਅੰਦਰ ਆਏ, ਆਪਣੀ ਗੱਲ ਰੱਖੀ ਅਤੇ ਗਾਇਬ ਹੋ ਗਏ।