ਕ੍ਰਾਸ ਵੋਟਿੰਗ ਕਿਸ ਨੇ ਕੀਤੀ? ਮਹਾਰਾਸ਼ਟਰ, ਤਾਮਿਲਨਾਡੂ, ਕੇਰਲ ਤੇ ਪੰਜਾਬ ਦੇ ਸੰਸਦ ਮੈਂਬਰਾਂ ’ਤੇ ਸ਼ੱਕ
Wednesday, Sep 10, 2025 - 11:52 PM (IST)

ਨੈਸ਼ਨਲ ਡੈਸਕ- ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਪ-ਰਾਸ਼ਟਰਪਤੀ ਦੀ ਚੋਣ ਦੌਰਾਨ 15 ਵਿਰੋਧੀ ਸੰਸਦ ਮੈਂਬਰਾਂ ਨੇ ਕ੍ਰਾਸ ਵੋਟਿੰਗ ਕੀਤੀ ਕਿਉਂਕਿ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਜਸਟਿਸ ਰੈਡੀ ਨੂੰ 300 ਵੋਟਾਂ ਮਿਲੀਆਂ ਨਾ ਕਿ 315 ਜਿਵੇਂ ਕਿ ਕਾਂਗਰਸ ਦੇ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਸੀ।
ਇਸ ਤੋਂ ਇਹ ਸਪੱਸ਼ਟ ਹੈ ਕਿ ‘ਇੰਡੀਆ’ ਗੱਠਜੋੜ ਦੀਆਂ 15 ਵੋਟਾਂ ਰਾਜਗ ਨੂੰ ਮਿਲੀਆਂ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਕ੍ਰਾਸ ਵੋਟਿੰਗ ਕਰਨ ਵਾਲੇ ਇਨ੍ਹਾਂ 15 ਸੰਸਦ ਮੈਂਬਰਾਂ ਤੋਂ ਇਲਾਵਾ 15 ਹੋਰ ਵੀ ਸਨ ਜਿਨ੍ਹਾਂ ਦੀਆਂ ਵੋਟਾਂ ‘ਨਾਜਾਇਜ਼’ ਪਾਈਆਂ ਗਈਆਂ। ਉਹ ਕੌਣ ਸਨ?
ਕੀ ਉਨ੍ਹਾਂ ਕੋਲੋਂ ਸੱਚਮੁੱਚ ਕੋਈ ਗਲਤੀ ਹੋਈ ਜਾਂ ਉਨ੍ਹਾਂ ਜਾਣਬੁੱਝ ਕੇ ਇੰਝ ਕੀਤਾ? ਕਾਂਗਰਸ ਨੇਤਾ ਤੇ ਸੰਸਦ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਦਲੀਲ ਦਿੱਤੀ ਕਿ ਵਿਰੋਧੀ ਸੰਸਦ ਮੈਂਬਰਾਂ ਦੀਆਂ 15 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਸਾਰੀਆਂ ‘ਨਾਜਾਇਜ਼’ ਵੋਟਾਂ ਵਿਰੋਧੀ ਧਿਰ ਦੀਆਂ ਸਨ? ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 30 ਹੋ ਗਈ। 15 ਨੇ ਕ੍ਰਾਸ ਵੋਟਿੰਗ ਕੀਤੀ ਤੇ 15 ‘ਨਾਜਾਇਜ਼’ ਸਨ।
ਕੁੱਲ 13 ਸੰਸਦ ਮੈਂਬਰ ਵੋਟਿੰਗ ਤੋਂ ਗੈਰਹਾਜ਼ਰ ਸਨ। ਇਨ੍ਹਾਂ ’ਚ ਬੀਜਦ ਦੇ 7, ਬਸਪਾ ਦੇ 4, ਅਕਾਲੀ ਦਲ ਦਾ ਇਕ ਤੇ ਇਕ ਆਜ਼ਾਦ ਸੰਸਦ ਮੈਂਬਰ ਸ਼ਾਮਲ ਹਨ। ਸਪੱਸ਼ਟ ਤੌਰ ’ਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਸਨ। ਇਹ ਜਾਣਨਾ ਔਖਾ ਹੈ ਕਿ ਇਸ ਖੇਡ ਦੇ ਪਿੱਛੇ ਕੌਣ ਸੀ ਤੇ ਕਿਸ ਨੇ ਕ੍ਰਾਸ ਵੋਟਿੰਗ ਕੀਤੀ ਜਾਂ ਗਲਤ ਵੋਟ ਪਾਈ ਕਿਉਂਕਿ ਵੋਟਿੰਗ ਗੁਪਤ ਸੀ ਤੇ ਕੋਈ ਵ੍ਹਿਪ ਜਾਰੀ ਨਹੀਂ ਕੀਤਾ ਗਿਆ ਸੀ।
ਇਹ ਮੰਨਿਆ ਜਾਂਦਾ ਹੈ ਕਿ ਮਹਾਰਾਸ਼ਟਰ, ਕੇਰਲ, ਪੰਜਾਬ ਤੇ ਤਾਮਿਲਨਾਡੂ ਦੇ ਸੰਸਦ ਮੈਂਬਰਾਂ ਨੇ ਕ੍ਰਾਸ ਵੋਟਿੰਗ ਕੀਤੀ, ਕਿਉਂਕਿ ਭਾਜਪਾ ਨੇ ਆਪਣੀ ਤਿਆਰੀ ਚੰਗੀ ਤਰ੍ਹਾਂ ਕੀਤੀ ਸੀ। ਮਹਾਰਾਸ਼ਟਰ ਦੇ ਕੁਝ ਸੰਸਦ ਮੈਂਬਰਾਂ ਨੇ ਰਾਜਗ ਪ੍ਰਤੀ ਆਪਣੀ ਪਸੰਦ ਦਾ ਪ੍ਰਗਟਾਵਾ ਕੀਤਾ ਸੀ।
ਆਉਣ ਵਾਲੇ ਦਿਨਾਂ ’ਚ ਅਜਿਹੇ ਸੰਸਦ ਮੈਂਬਰਾਂ ਦੇ ਨਾਂ ਸਾਹਮਣੇ ਆਉਣਗੇ। ਕੇਰਲ, ਪੰਜਾਬ ਤੇ ਤਾਮਿਲਨਾਡੂ ਤੋਂ ਕੁਝ ਸਪੱਸ਼ਟ ਨਾਂ ਹਨ ਜੋ ਜਨਤਕ ਤੌਰ ’ਤੇ ਆਪਣੀਆਂ-ਆਪਣੀਆਂ ਪਾਰਟੀਆਂ ਵਿਰੁੱਧ ਬੋਲਦੇ ਰਹੇ ਹਨ। ਇਸ ਤਰ੍ਹਾਂ ਕੁੱਲ 43 ਸੰਸਦ ਮੈਂਬਰਾਂ ਨੇ ਖੇਡ ਖੇਡੀ। ਕੁਝ ਨਾਂ ਉਮੀਦ ਤੋਂ ਪਹਿਲਾਂ ਹੀ ਸਾਹਮਣੇ ਆ ਸਕਦੇ ਹਨ।