ਕੇਰਲ ’ਚ ਕਾਂਗਰਸ ਲਈ ਨਵੀਂ ‘ਸਿਰਦਰਦ’ ਬਣੀ ਮੁਸਲਿਮ ਲੀਗ
Tuesday, Feb 10, 2026 - 09:44 AM (IST)
ਰਾਜਨੀਤੀ ’ਚ ‘ਜੈਸੇ ਕੋ ਤੈਸਾ’ ਹੀ ਹੁੰਦਾ ਹੈ। ਜਿਵੇਂ ਕਾਂਗਰਸ ਨੇ ਤਾਮਿਲਨਾਡੂ ’ਚ ਆਪਣੇ ਵੱਡੇ ਸਹਿਯੋਗੀ ਡੀ.ਐੱਮ.ਕੇ. ’ਤੇ ਜ਼ਿਆਦਾ ਸੀਟਾਂ ਅਤੇ ਸਰਕਾਰ ’ਚ ਹਿੱਸੇਦਾਰੀ ਲਈ ਦਬਾਅ ਪਾਇਆ, ਉਂਝ ਹੀ ਹੁਣ ਕੇਰਲ ’ਚ ਕਾਂਗਰਸ ਨੂੰ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਤੋਂ ਅਜਿਹੇ ਹੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸਲਿਮ ਲੀਗ ਨੇ ਕਾਂਗਰਸ ਤੋਂ ਜ਼ਿਆਦਾ ਸੀਟਾਂ ਦੀ ਮੰਗ ਕੀਤੀ ਹੈ।
ਹਾਲ ਹੀ ਦੀਆਂ ਲੋਕਲ ਬਾਡੀ ਚੋਣਾਂ ’ਚ ਪਾਰਟੀ ਦੇ ਲੱਗਭਗ 40 ਫੀਸਦੀ ਜ਼ਿਆਦਾ ਸੀਟਾਂ ਜਿੱਤਣ ਨਾਲ ਇਹ ਮੰਗ ਹੋਰ ਤੇਜ਼ ਹੋ ਗਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਮੁਸਲਿਮ ਲੀਗ ਨੇ 25 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਨ੍ਹਾਂ ’ਚੋਂ 15 ਸੀਟਾਂ ਜਿੱਤੀਆਂ ਸਨ। ਇਸ ਦੇ ਮੁਕਾਬਲੇ ਕਾਂਗਰਸ ਦਾ ਪ੍ਰਦਰਸ਼ਨ ਓਨਾ ਚੰਗਾ ਨਹੀਂ ਰਿਹਾ। ਉਸ ਨੂੰ ਵਿਰੋਧੀ ਧਿਰ ’ਚ ਬੈਠਣਾ ਪਿਆ, ਜਿੱਥੇ ਗੱਠਜੋੜ ਪਿਛਲੇ 10 ਸਾਲਾਂ ਤੋਂ ਚੋਣਾਂ ਹਾਰ ਰਿਹਾ ਸੀ।
ਕਾਂਗਰਸ ਆਪਣੇ ‘ਘਰ’ ਨੂੰ ਠੀਕ ਰੱਖਣ ਅਤੇ ਪਾਰਟੀ ’ਚ ਅੰਦਰੂਨੀ ਕਲੇਸ਼ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਸ਼ਸ਼ੀ ਥਰੂਰ ਨੂੰ ਖੁਸ਼ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਹੈ ਪਰ ਉਸ ਦੇ ਸਹਿਯੋਗੀ ਆਪਣਾ ਸਿਰ ਉਠਾ ਰਹੇ ਹਨ ਅਤੇ ਆਪਣਾ ਹਿੱਸਾ ਮੰਗ ਰਹੇ ਹਨ। ਜਦੋਂ ਤੋਂ ਏ. ਆਈ. ਐੱਮ. ਆਈ. ਐੱਮ. ਦੇ ਓਵੈਸੀ ਹੈਦਰਾਬਾਦ ਦੇ ਬਾਹਰ ਦੇ ਸੂਬਿਆਂ ’ਚ ਮੁਸਲਿਮ ਕਾਰਡ ਖੇਡਣ ਲਈ ਅੱਗੇ ਆਏ ਹਨ, ਦੂਜੀਆਂ ਮੁਸਲਿਮ ਪਾਰਟੀਆਂ ਕਾਂਗਰਸ ਤੋਂ ਹੋਰ ਜ਼ਿਆਦਾ ਮੰਗ ਕਰ ਰਹੀਆਂ ਹਨ; ਭਾਵੇਂ ਉਹ ਆਸਾਮ ਹੋਵੇ, ਕੇਰਲ ਹੋਵੇ ਜਾਂ ਦੂਜੇ ਸੂਬੇ।
