ਜਦੋਂ ਈ. ਡੀ. ਨੇ ਵਿਰੋਧੀ ਧਿਰ ਨੂੰ ਵੰਡਿਆ
Tuesday, Jun 16, 2026 - 12:00 AM (IST)
ਨੈਸ਼ਨਲ ਡੈਸਕ- ਇਹ ਅਜੀਬ ਲੱਗ ਸਕਦਾ ਹੈ, ਪਰ ਸੱਚ ਹੈ। ਆਮ ਤੌਰ ’ਤੇ ਜਦੋਂ ਸੀ. ਬੀ. ਆਈ. ਜਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਕਿਸੇ ਵਿਰੋਧੀ ਆਗੂ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਇਸ ਦਾ ਇਕ ਖਾਸ ਪ੍ਰਭਾਵ ਹੁੰਦਾ ਹੈ। ਇਹ ਵਿਰੋਧੀ ਪਾਰਟੀਆਂ ਨੂੰ ਸਿਆਸੀ ਬਦਲਾਖੋਰੀ ਵਿਰੁੱਧ ਇੱਕਜੁੱਟ ਕਰਦਾ ਹੈ। ਹਾਲਾਂਕਿ, ਕੇਰਲਮ ’ਚ ਈ. ਡੀ. ਨੇ ਬਿਲਕੁਲ ਉਲਟ ਕੀਤਾ ਹੈ।
ਇਹ ਵਿਵਾਦ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਬੇਟੀ ਟੀ. ਵੀਨਾ ਤੇ ਉਨ੍ਹਾਂ ਦੀ ਕੰਪਨੀ ਐਕਸਲਾਜਿਕ ਦੇ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ ਨਾਲ ਵਿੱਤੀ ਲੈਣ-ਦੇਣ ਦੇ ਦੋਸ਼ਾਂ ਦੇ ਦੁਆਲੇ ਘੁੰਮਦਾ ਹੈ।
ਈ. ਡੀ. ਦੀ ਜਾਂਚ ਕਈ ਮਹੀਨਿਆਂ ਤੱਕ ਹੌਲੀ ਹੌਲੀ ਚੱਲੀ। ਅਧਿਕਾਰਤ ਤੌਰ ’ਤੇ ਸੂਤਰਾਂ ਨੇ ਦੇਰੀ ਦਾ ਕਾਰਨ ਅਦਾਲਤ ਦੇ ਹੁਕਮਾਂ ਨੂੰ ਦੱਸਿਆ। ਫਿਰ ਵੀ ਇਹ ਮੁੱਦਾ ਕਾਂਗਰਸ ਲਈ ਇਕ ਵੱਡਾ ਚੋਣ ਪ੍ਰਚਾਰ ਹਥਿਆਰ ਬਣ ਗਿਆ। ਰਾਹੁਲ ਗਾਂਧੀ ਨੇ ਵਾਰ-ਵਾਰ ਸੀ. ਪੀ. ਆਈ.(ਐੱਮ) ’ਤੇ ਹਮਲਾ ਕੀਤਾ ਤੇ ਪਾਰਟੀ ’ਤੇ ਕੇਰਲਮ ’ਚ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਇਆ।
ਅੰਤ ’ਚ 26 ਮਈ ਨੂੰ ਈ. ਡੀ. ਨੇ ਵੀਨਾ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਤੇ ਸੀ. ਪੀ. ਆਈ.(ਐੱਮ) ਦੇ ਵਰਕਰਾਂ ਨੇ ਈ. ਡੀ. ਦੀਆਂ ਮੋਟਰ-ਗੱਡੀਆਂ ਦੀ ਭੰਨਤੋੜ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਵਿਜਯਨ ਦਾ ਬਚਾਅ ਕਰਨ ਆਏ ਸਨ ਪਰ ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈ. ਡੀ. ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਨਹੀਂ ਕੀਤੀ।
ਫਿਰ ਵੀ, ਸੀ. ਪੀ. ਆਈ. (ਐੱਮ) ਦੇ ਜਨਰਲ ਸਕੱਤਰ ਐੱਮ. ਏ. ਬੇਬੀ ਨੇ ਚੋਣ ਮੁਹਿੰਮ ਦੌਰਾਨ ਇਸ ਮੁੱਦੇ ਨੂੰ ਉਠਾਉਣ ਲਈ ਰਾਹੁਲ ਗਾਂਧੀ ਦੀ ਸਖ਼ਤ ਆਲੋਚਨਾ ਕੀਤੀ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਕਹਾਣੀ ‘ਇੰਡੀਆ’ ਗੱਠਜੋੜ ਦੇ ਅੰਦਰ ਫੁੱਟ ਦੀ ਨਹੀਂ ਸਗੋਂ ਸੀ. ਪੀ. ਆਈ.(ਐੱਮ) ਦੇ ਅੰਦਰ ਦੀ ਫੁੱਟ ਦੀ ਹੈ। ਸੀ. ਪੀ. ਆਈ.(ਐੱਮ) ’ਤੇ ਕਿਸੇ ਸਮੇ ਪੱਛਮੀ ਬੰਗਾਲ ਦੀ ਲੀਡਰਸ਼ਿਪ ਦਾ ਦਬਦਬਾ ਸੀ ਪਰ ਹੁਣ ਇਸ ਦਾ ਮੂਲ ਪੂਰੀ ਤਰ੍ਹਾਂ ਕੇਰਲਮ ’ਚ ਤਬਦੀਲ ਹੋ ਗਿਆ ਹੈ। ਪਾਰਟੀ ਅੰਦਰ ਇਸ ਦੀ ਭਵਿੱਖ ਦੀ ਦਿਸ਼ਾ ਨੂੰ ਲੈ ਕੇ ਇਕ ਸਪੱਸ਼ਟ ਟਕਰਾਅ ਹੈ ਤੇ ਈ. ਡੀ. ਦੇ ਮਾਮਲੇ ਨੇ ਇਨ੍ਹਾਂ ਮਤਭੇਦਾਂ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ।
ਰਾਹੁਲ ਗਾਂਧੀ ਆਪਣੇ ਸਟੈਂਡ ’ਤੇ ਕਾਇਮ ਹਨ ਤੇ ਸੀ. ਪੀ. ਆਈ.(ਐੱਮ) ਨੇ ਵੀ ਇਸ ਮੁੱਦੇ ’ਤੇ ਜਨਤਕ ਤੌਰ 'ਤੇ ਉਨ੍ਹਾਂ ਦੇ ਵਿਰੁੱਧ ਸਟੈਂਡ ਲਿਆ ਹੈ। ਇਸ ਰੱਸਾਕਸ਼ੀ ਦਾ ਅੰਤਿਮ ਨਤੀਜਾ ਅਜੇ ਆਉਣਾ ਬਾਕੀ ਹੈ।
