ਅਨੁਜ ਗੁਪਤਾ ਨੇ 6 ਸਤੰਬਰ ਨੂੰ ਡੀ. ਐੱਸ. ਏ. ਦੀਆਂ ਚੋਣਾਂ ਕਰਵਾਉਣ ਦਾ ਕੀਤਾ ਐਲਾਨ
Tuesday, Aug 11, 2026 - 10:31 AM (IST)
ਨਵੀਂ ਦਿੱਲੀ– ਦਿੱਲੀ ਸਾਕਰ ਐਸੋਸੀਏਸ਼ਨ (ਡੀ. ਐੱਸ. ਏ.) ਨੇ ਇੱਥੇ ਵਿਸ਼ੇਸ਼ ਆਮ ਸਭਾ ’ਚ ਆਪਣੇ ਪ੍ਰਧਾਨ ਅਨੁਜ ਗੁਪਤਾ ਦੀ ਅਗਵਾਈ ’ਚ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵਾਂ ਸੰਵਿਧਾਨ ਅਪਣਾਉਣ ਅਤੇ 6 ਸਤੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ, ਹਾਲਾਂਕਿ ਐਸੋਸੀਏਸ਼ਨ ਦਾ ਇਕ ਧੜਾ ਪਹਿਲਾਂ ਹੀ 24 ਅਗਸਤ ਨੂੰ ਚੋਣਾਂ ਕਰਵਾਉਣ ਦਾ ਬਿਗੁਲ ਵਜਾ ਚੁੱਕਾ ਹੈ।
ਦੋਵਾਂ ਧੜਿਆਂ ਦੇ ਆਪਣੇ-ਆਪਣੇ ਦਾਅਵੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਨੁਜ ਗੁਪਤਾ ਅਤੇ ਬੀ. ਐੱਸ. ਮਹਿਰਾ ਧੜਿਆਂ ’ਚੋਂ ਕਿਸ ਨੂੰ ਏ. ਆਈ. ਐੱਫ. ਐੱਫ. ਦਾ ਅਸ਼ੀਰਵਾਦ ਮਿਲਦਾ ਹੈ। ਫਿਲਹਾਲ, ਇੰਨਾ ਤੈਅ ਹੈ ਕਿ ਦਿੱਲੀ ਦੀ ਫੁੱਟਬਾਲ ’ਚ ਧੜੇਬੰਦੀ ਦਾ ਪੁਰਾਣਾ ਦੌਰ ਸ਼ੁਰੂ ਹੋ ਗਿਆ ਹੈ। ਠੀਕ ਉਸੇ ਤਰ੍ਹਾਂ ਹੀ ਜਿਵੇਂ ਪੰਜ ਦਹਾਕੇ ਪਹਿਲਾਂ ਦਿੱਲੀ ਦੀ ਫੁੱਟਬਾਲ ਸ਼ਰਮਨਾਕ ਧੜੇਬੰਦੀ ਦਾ ਸ਼ਿਕਾਰ ਹੋਈ ਸੀ।
ਇਕ ਪਾਸੇ ਮਹਿਰਾ ਦੇ ਨਾਲ ਡੀ. ਐੱਸ. ਏ. ਦੇ ਖਜ਼ਾਨਚੀ ਲਿਆਕਤ ਅਲੀ ਨੂੰ ਸੁਸ਼ਾਂਤ ਦੇਵ, ਵੈਟਰਨ ਮਗਨ ਸਿੰਘ ਪਟਵਾਲ, ਹੇਮਚੰਦ ਅਤੇ ਹੋਰਨਾਂ ਦਾ ਸਮਰਥਨ ਪ੍ਰਾਪਤ ਹੈ ਤਾਂ ਉਪ-ਪ੍ਰਧਾਨ ਸ਼ਰਾਫਤ ਉੱਲਾ ਅਤੇ ਸਕਵਾਡਰਨ ਲੀਡਰ ਐੱਸ. ਕੇ. ਸਿੰਘ ਖੁੱਲ੍ਹ ਕੇ ਸਾਥ ਦੇ ਰਹੇ ਹਨ। ਇਸ ’ਚ ਕੋਈ ਦੋ ਰਾਇ ਨਹੀਂ ਕਿ ਮਹਿਰਾ ਧੜੇ ਦਾ ਆਕਾਰ ਕਾਫੀ ਵੱਡਾ ਹੈ, ਜਦਕਿ ਅਨੁਜ ਗੁਪਤਾ ਦੇ ਸਮਰਥਨ ’ਚ ਉਹੀ ਜਾਣੇ-ਪਛਾਣੇ ਚਿਹਰੇ ਨਜ਼ਰ ਆਉਂਦੇ ਹਨ, ਜੋ ਕਿ ਹਮੇਸ਼ਾ ਤੋਂ ਉਸ ਦੀ ਦਰਿਆਦਿਲੀ ’ਚ ਹਿੱਸੇਦਾਰ ਰਹੇ ਹਨ। ਅਰਥਾਤ ਅਜਿਹੇ ਅਹੁਦੇਦਾਰ ਅਤੇ ਕਲੱਬ ਮੁਖੀ ਜੋ ਕਿ ਟੀਮਾਂ ਦੀ ਚੋਣ ਪ੍ਰਕਿਰਿਆ ਅਤੇ ਆਉਣ-ਜਾਣ, ਖਾਣ-ਪੀਣ ’ਚ ਹਿੱਸੇਦਾਰੀ ਪਾਉਂਦੇ ਰਹੇ ਹਨ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਅਨੁਜ ਦੀ ਸ਼ਰਾਫਤ ਦਾ ਲਾਹਾ ਉਠਾਉਂਦੇ ਰਹੇ ਹਨ।
ਉੱਥੇ ਹੀ, ਪ੍ਰਧਾਨ ਇਕ ਵਾਰ ਫਿਰ ਤੋਂ 4 ਸਾਲ ਮੰਗ ਰਿਹਾ ਹੈ, ਜੋ ਕਿ ਏ. ਆਈ. ਐੱਫ. ਐੱਫ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਿਰਭਰ ਹੈ। ਅਨੁਜ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਚਰਚਾ ’ਚ ਕਿਹਾ ਕਿ ਸਾਰੇ ਲੀਗ ਮੁਕਾਬਲਿਆਂ ਦਾ ਆਯੋਜਨ ਵੱਡੀ ਚੁਣੌਤੀ ਸੀ। ਨਾਲ ਹੀ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗਾਂ ਦੀ ਟੀਮ ’ਤੇ ਲੱਖਾਂ ਖਰਚ ਕੀਤੇ ਗਏ, ਜਿਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ। ਪ੍ਰਸ਼ੰਸਾਯੋਗ ਗੱਲ ਇਹ ਰਹੀ ਹੈ ਕਿ ਅਨੁਜ ਨੇ ਵਿਰੋਧੀ ਧੜੇ ’ਤੇ ਕੋਈ ਟੀਕਾ-ਟਿੱਪਣੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਨਾਲ ਚੱਲਣ ਅਤੇ ਦਿੱਲੀ ਦੀ ਫੁੱਟਬਾਲ ਨੂੰ ਅੱਗੇ ਵਧਾਉਣ ਲਈ ਸੱਦਾ ਦਿੱਤਾ। ਹਾਂ, ਖਜ਼ਾਨਚੀ ਲਿਆਕਤ ਅਲੀ ਵੱਲੋਂ ਡੀ. ਐੱਸ. ਏ. ਦੇ ਬੈਂਕ ਖਾਤਿਆਂ ਨੂੰ ‘ਫ੍ਰੀਜ਼’ ਕਰਨ ਨੂੰ ਗਲਤ ਕਦਮ ਜ਼ਰੂਰ ਦੱਸਿਆ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਡੀ. ਐੱਸ. ਏ. ਦੀਆਂ ਗਤੀਵਿਧੀਆਂ ਅਤੇ ਦਿਨ-ਪ੍ਰਤੀ-ਦਿਨ ਦੇ ਖਰਚਿਆਂ ’ਤੇ ਰੋਕ ਲਗਾਉਣੀ ਪਈ ਹੈ।
ਅਨੁਜ ਗੁਪਤਾ ਨੇ ਉਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਿਆ, ਜਿਨ੍ਹਾਂ ’ਚ ਡੀ. ਐੱਸ. ਏ. ਦੇ ਖਜ਼ਾਨੇ ਦੀ ਦੁਰਵਰਤੋਂ ਸ਼ਾਮਲ ਹੈ। ਉਲਟਾ ਅਨੁਜ ਕਹਿੰਦਾ ਹੈ ਕਿ ਦਿੱਲੀ ਦੀਆਂ ਫੁੱਟਬਾਲ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਉਸ ਨੇ ਆਪਣੀ ਖੁਦ ਅਕੈਡਮੀ ਦੀ ਗਰਾਊਂਡ ਦਿੱਤੀ, ‘ਫ੍ਰੀ ਆਫ ਕਾਸਟ’।
