ਅੰਮ੍ਰਿਤਸਰ: ਕਿਸਾਨਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਜਾਇਆ ਰੋਸ
Monday, Aug 10, 2026 - 06:11 PM (IST)
ਅੰਮ੍ਰਿਤਸਰ (ਰਮਨ): ਡੀਸੀ ਦਫ਼ਤਰ ਅੰਮ੍ਰਿਤਸਰ ਦੇ ਬਾਹਰ ਸੋਮਵਾਰ ਨੂੰ ਕਿਸਾਨਾਂ ਸਮੇਤ ਵੱਖ-ਵੱਖ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਮਿਡ-ਡੇ ਮੀਲ ਵਰਕਰਾਂ, ਭੱਠਾ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਮੁੱਦੇ ਉਠਾਏ। ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਜੁਲਾਈ ਦੀ ਮੀਟਿੰਗ 'ਚ 10 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਤਰਜ਼ ’ਤੇ ਦੇਸ਼ ਪੱਧਰੀ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਮਰੀਕਾ ਨਾਲ ਹੋਣ ਵਾਲੇ ਪ੍ਰਸਤਾਵਿਤ ਟਰੇਡ ਐਗਰੀਮੈਂਟ ਅਤੇ ਅਮਰੀਕੀ ਦਬਾਅ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਦਾਅਵੇ ਅਨੁਸਾਰ ਅਮਰੀਕਾ ਵੱਲੋਂ ਭਾਰਤ ਦੀਆਂ ਵਪਾਰਕ ਅਤੇ ਵਿਦੇਸ਼ ਨੀਤੀਆਂ ’ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2 ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 7 ਮੁਲਜ਼ਮਾਂ ਕੋਲੋਂ ਖਤਰਨਾਕ ਹਥਿਆਰ ਤੇ ਹੈਰੋਇਨ ਬਰਾਮਦ
ਪਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਹਿਲਾਂ ਵੀ ਟਰੈਕਟਰ ਅਤੇ ਮੋਟਰਸਾਈਕਲ ਮਾਰਚ, ਪਿੰਡ ਪੱਧਰੀ ਮੀਟਿੰਗਾਂ ਅਤੇ ਧਰਨਿਆਂ ਰਾਹੀਂ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੀ ਤਰ੍ਹਾਂ ਇਸ ਸੰਘਰਸ਼ ਨੂੰ ਵੀ ਵੱਡੇ ਪੱਧਰ ’ਤੇ ਲਿਜਾਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਆਂਗਣਵਾੜੀ ਅਤੇ ਆਸ਼ਾ ਵਰਕਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਾਂਝੇ ਸੰਘਰਸ਼ ਨਾਲ ਜੋੜਨ ਦੀ ਗੱਲ ਕਹੀ। ਦੂਜੇ ਪਾਸੇ ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਕੌਰ ਨੇ ਪੰਜਾਬ ਸਰਕਾਰ ’ਤੇ ਵਰਕਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤੇ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਉਨ੍ਹਾਂ ਅਨੁਸਾਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਉਮੀਦ ਮੁਤਾਬਕ ਵਾਧਾ ਨਹੀਂ ਹੋਇਆ।
ਇਹ ਵੀ ਪੜ੍ਹੋ-ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ ਪਾਸ ਹੋਏ ਇਹ ਬਿੱਲ
ਗੁਰਵਿੰਦਰ ਕੌਰ ਨੇ ਆਨਲਾਈਨ ਕੰਮ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਵਰਕਰਾਂ ਤੋਂ ਕਈ ਤਰ੍ਹਾਂ ਦਾ ਕੰਮ ਆਨਲਾਈਨ ਕਰਵਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਇਸ ਲਈ ਲੋੜੀਂਦੀਆਂ ਸਹੂਲਤਾਂ, ਮੋਬਾਈਲ ਜਾਂ ਇੰਟਰਨੈੱਟ ਦੀ ਵਿਵਸਥਾ ਨਹੀਂ ਦਿੱਤੀ ਗਈ। ਉਨ੍ਹਾਂ ਫੀਡ ਸਬੰਧੀ ਵੀ ਸਰਕਾਰ ਦੀ ਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਮਿਲਣ ਵਾਲੀ ਖੁਰਾਕ ਸਮੱਗਰੀ ਵਿੱਚ ਤਬਦੀਲੀਆਂ ਅਤੇ ਬਾਅਦ ਵਿੱਚ ਫੀਡ ਸਬੰਧੀ ਆ ਰਹੀਆਂ ਹਦਾਇਤਾਂ ਕਾਰਨ ਵਰਕਰਾਂ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ, ਇਕੱਲੀ ਔਰਤ ਨੇ ਬਹਾਦਰੀ ਨਾਲ ਪਾ'ਤੀਆਂ ਭਾਜੜਾਂ
ਉਨ੍ਹਾਂ ਦੋਸ਼ ਲਗਾਇਆ ਕਿ ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਵੀ ਲਿਆ ਜਾਂਦਾ ਹੈ, ਪਰ ਉਸ ਲਈ ਵੱਖਰਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ, ਮਿਡ-ਡੇ ਮੀਲ ਵਰਕਰਾਂ ਅਤੇ ਹੋਰ ਕਾਮਿਆਂ ਦੀਆਂ ਵੀ ਕਈ ਸਮੱਸਿਆਵਾਂ ਹਨ। ਇਸ ਦੌਰਾਨ ਡਿਸਟਰਿਕਟ ਰੈਵਨਿਊ ਅਫਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਦੀ ਗੱਲ ਵੀ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
