ਹੋਟਲ ''ਚ ਪਿਓ ਨੇ ਦੋ ਧੀਆਂ ਦਾ ਗਲਾ ਘੁੱਟ ਕੀਤਾ ਕਤਲ, ਫਿਰ ਖੁਦ ਨੂੰ ਵੀ ਮਾਰ ਲਿਆ ਚਾਕੂ
Monday, Aug 10, 2026 - 10:05 PM (IST)
ਬੈਂਗਲੁਰੂ : ਬੈਂਗਲੁਰੂ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਓ ਨੇ ਆਪਣੀ ਪਤਨੀ 'ਤੇ ਸ਼ੱਕ ਦੇ ਚਲਦਿਆਂ ਆਪਣੀਆਂ ਦੋ ਮਾਸੂਮ ਧੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਦਰਦਨਾਕ ਘਟਨਾ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਸਥਿਤ ਇੱਕ ਹੋਟਲ (ਤਾਜ ਹੋਟਲ) ਦੇ ਕਮਰੇ ਵਿੱਚ ਵਾਪਰੀ।
ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ 40 ਸਾਲਾ ਐੱਸ.ਜੀ. ਇਮਰਾਨ ਵਜੋਂ ਹੋਈ ਹੈ, ਜੋ ਕਿ ਬੈਂਗਲੁਰੂ ਦੇ ਨਾਗਵਾਰਾ ਇਲਾਕੇ ਦੀ ਮੇਨ ਰੋਡ ਬਿਲਾਲ ਨਗਰ ਦਾ ਰਹਿਣ ਵਾਲਾ ਹੈ। ਮ੍ਰਿਤਕ ਬੱਚੀਆਂ ਦੀ ਪਛਾਣ 5 ਸਾਲਾ ਸ਼ੇਖ ਜ਼ੇਹਰਾ ਅਤੇ 10 ਸਾਲਾ ਸ਼ੇਖ ਜੋਇਆ ਵਜੋਂ ਹੋਈ ਹੈ। ਦੋਵਾਂ ਬੱਚੀਆਂ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਇਮਰਾਨ ਨੇ ਚਾਕੂ ਨਾਲ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਹੋਟਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਮਰਾਨ ਦੇ ਕਮਰੇ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਸਟਾਫ਼ ਕਮਰੇ ਦੇ ਅੰਦਰ ਪਹੁੰਚਿਆ ਤਾਂ ਉੱਥੇ ਦੋਵੇਂ ਬੱਚੀਆਂ ਮ੍ਰਿਤਕ ਹਾਲਤ ਵਿੱਚ ਪਈਆਂ ਸਨ ਅਤੇ ਇਮਰਾਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਤੜਫ ਰਿਹਾ ਸੀ। ਹੋਟਲ ਸਟਾਫ਼ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਕੇਂਪੇਗੌੜਾ ਏਅਰਪੋਰਟ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਬੈਂਗਲੁਰੂ ਨਾਰਥ ਈਸਟ ਦੇ ਡੀਸੀਪੀ ਜੀ.ਕੇ. ਮਿਥੁਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ ਇਮਰਾਨ ਵੱਲੋਂ ਲਿਖਿਆ ਇੱਕ ਨੋਟ ਵੀ ਮਿਲਿਆ ਹੈ। ਇਸ ਨੋਟ ਵਿੱਚ ਉਸ ਨੇ ਆਪਣੀ ਪਤਨੀ ਨਾਲ ਚੱਲ ਰਹੇ ਘਰੇਲੂ ਝਗੜੇ ਦਾ ਜ਼ਿਕਰ ਕੀਤਾ ਹੈ। ਇਮਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ ਅਤੇ ਉਸ ਕੋਲ ਇਸ ਦੇ ਕੁਝ ਸਬੂਤ ਵੀ ਹਨ। ਹਾਲਾਂਕਿ, ਪੁਲਸ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਨ੍ਹਾਂ ਹਾਲਾਤਾਂ ਵਿੱਚ ਬੱਚੀਆਂ ਦਾ ਕਤਲ ਹੋਇਆ। ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
