ਵਿਦਿਆਰਥਣ ਨੇ ਸੰਬੰਧ ਬਣਾਉਣ ਤੋਂ ਮਨ੍ਹਾ ਕੀਤਾ ਤਾਂ 5 ਵਿਦਿਆਰਥੀਆਂ ਨੇ ਜ਼ਹਿਰ ਪਿਲਾ ਮਾਰਿਆ

04/08/2022 12:43:00 PM

ਭਰਤਪੁਰ- ਰਾਜਸਥਾਨ ਦੇ ਭਰਤਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਾਲਜ ਵਿਦਿਆਰਥਣ ਨੂੰ ਇਸ ਲਈ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ, ਕਿਉਂਕਿ ਉਸ ਨੇ ਸੰਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਪੂਰਾ ਮਾਮਲਾ ਹਲੈਨ ਥਾਣਾ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਾ ਦੇ ਘਰ ਰਹਿ ਕੇ ਪੜ੍ਹਾਈ ਕਰਨ ਵਾਲੀ ਕਾਲਜ ਵਿਦਿਆਰਥਣ 'ਤੇ ਕੁਝ ਵਿਦਿਆਰਥੀਆਂ ਨੇ ਸੰਬੰਧ ਬਣਾਉਣ ਦਾ ਦਬਾਅ ਬਣਾਇਆ, ਜਿਸ 'ਤੇ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ 5 ਅਪ੍ਰੈਲ ਨੂੰ ਜਦੋਂ ਵਿਦਿਆਰਥਣ ਕਾਲਜ ਤੋਂ ਪਰਤ ਰਹੀ ਸੀ ਤਾਂ ਦੋਸ਼ੀਆਂ ਨੇ ਉਸ ਨੂੰ ਜ਼ਹਿਰ ਪਿਲਾ ਦਿੱਤਾ। ਬਾਅਦ 'ਚ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕਾ ਦੇ ਪਿਤਾ ਨੇ ਕਾਲਜ ਦੇ 5 ਵਿਦਿਆਰਥੀਆਂ ਸਮੇਤ ਟੀਚਰਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਪੁਲਸ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਇਹ ਹੈ ਪੂਰਾ ਮਾਮਲਾ
ਦਰਜ ਐੱਫ.ਆਈ.ਆਰ. ਅਨੁਸਾਰ, ਕਾਲਜ ਪੜ੍ਹਨ ਵਾਲੇ 5 ਵਿਦਿਆਰਥੀ ਲਗਾਤਾਰ ਉਸ 'ਤੇ ਸੰਬੰਧ ਬਣਾਉਣ ਲਈ ਦਬਾਅ ਬਣਾ ਰਹੇ ਸਨ। ਵਿਦਿਆਰਥਣ ਨੇ ਜਦੋਂ ਮਨ੍ਹਾ ਕੀਤਾ ਤਾਂ 5 ਅਪ੍ਰੈਲ ਨੂੰ ਜਦੋਂ ਉਹ ਕਾਲਜ ਤੋਂ ਪਰਤ ਰਹੀ ਤਾਂ ਦੋਸ਼ੀਆਂ ਨੇ ਸ਼ਰੇਆਮ ਉਸ ਨੂੰ ਜ਼ਹਿਰ ਪਿਲਾ ਦਿੱਤਾ। ਜਦੋਂ ਉਹ ਘਰ ਪਹੁੰਚੀ ਤਾਂ ਉਲਟੀ ਕਰਨ ਲੱਗੀ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਭਰਤਪੁਰ ਆਰ.ਬੀ.ਐੱਮ. ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਨੇ ਇਸ ਗੱਲ ਦੀ ਸ਼ਿਕਾਇਤ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਕੀਤੀ ਸੀ। ਇਸ ਤੋਂ ਬਾਅਦ ਕਾਲਜ ਦੇ ਅਧਿਆਪਕ ਅਤੇ ਅਧਿਆਪਕਾ ਵਿਦਿਆਰਥਣ ਕੋਲ ਆਏ ਸਨ ਅਤੇ ਉਸ ਨੂੰ ਝਿੜਕ ਦੇ ਦੌੜਾ ਦਿੱਤਾ ਸੀ। ਹਾਲਾਂਕਿ ਪੁਲਸ ਨੇ ਹਾਲੇ ਤੱਕ ਦੋਸ਼ੀਆਂ ਵਿਰੁੱਧ ਕਤਲ ਲਈ ਉਕਸਾਉਣ ਦਾ ਵੀ ਮਾਮਲਾ ਦਰਜ ਕੀਤਾ ਹੈ।


DIsha

Content Editor

Related News