ਪਿਤਾ ਦੀ ਜਾਇਦਾਦ ''ਤੇ ਬੇਟੀ ਕਦੋਂ ਕਰ ਸਕਦੀ ਹੈ ਦਾਅਵਾ, ਜਾਣੋ ਕੀ ਕਹਿੰਦਾ ਹੈ ਕਾਨੂੰਨ

05/17/2019 12:39:45 PM

ਨਵੀਂ ਦਿੱਲੀ — ਮੰਨ ਲਓ ਕਿਸੇ ਲੜਕੀ ਦਾ ਵਿਆਹ ਘੱਟ ਉਮਰ ਵਿਚ ਹੋ ਜਾਂਦਾ ਹੈ ਅਤੇ ਉਹ ਵਿਆਹ ਤੋਂ ਬਾਅਦ ਕਿਸੇ ਵੀ ਕਾਰਨ ਵਿੱਤੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੀ ਹੈ। ਫਿਰ ਉਹ ਕਾਰਨ ਭਾਵੇਂ ਪਤੀ ਤੇ ਉਸਦੇ ਪਰਿਵਾਰ ਵਲੋਂ ਲੜਕੀ ਨੂੰ ਤੰਗ ਕਰਨਾ ਹੋਵੇ ਜਾਂ ਪਤੀ ਦੇ ਨਾ ਰਹਿਣ ਦੇ ਕਾਰਨ ਵਿੱਤੀ ਸਮੱਸਿਆ ਖੜ੍ਹੀ ਹੋ ਜਾਵੇ ਅਤੇ ਉਹ ਲੜਕੀ ਕਮਾਉਣ ਯੋਗ ਵੀ ਨਾ ਹੋਵੇ। ਦੋਵਾਂ ਹੀ ਸਥਿਤੀਆਂ ਵਿਚ ਲੜਕੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਅਜਿਹੇ ਸਮੇਂ 'ਚ ਲੜਕੀ ਦਾ ਪਹਿਲਾ ਸਹਾਰਾ ਪੇਕੇ ਵਾਲੇ ਹੀ ਹੁੰਦੇ ਹਨ। ਦੂਜੀ ਸਮੱਸਿਆ ਉਸ ਵੇਲੇ ਖੜ੍ਹੀ ਹੋ ਜਾਂਦੀ ਹੈ ਜਦੋਂ ਮਾਂ-ਬਾਪ ਵੀ ਮਦਦ ਨਾ ਕਰਨਾ ਚਾਹੁਣ ਜਾਂ ਭਰਾ ਜਾਇਦਾਦ ਦਾ ਇਕ ਟੁਕੜਾ ਵੀ ਨਾ ਦੇਣਾ ਚਾਹੁਣ ਤਾਂ ਅਜਿਹੀ ਸਥਿਤੀ ਲੜਕੀ ਲਈ ਦਰਦਨਾਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਲੜਕੀ ਨੂੰ ਕੀ ਕਰਨਾ ਚਾਹੀਦਾ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਤਾ, ਭਰਾ, ਪਤੀ ਅਤੇ ਹੋਰ ਕਿਸੇ 'ਤੇ ਵੀ ਵਿੱਤੀ ਨਿਰਭਰਤਾ ਨਾਲ ਮਹਿਲਾਵਾਂ ਅਤੇ ਉਸਦੇ ਪੇਕੇ ਵਾਲਿਆਂ ਦੋਵਾਂ ਲਈ ਜਿੰਦਗੀ ਔਖੀ ਹੋ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਹਿੰਦੂ ਸੈਕਸ਼ਨ ਐਕਟ 1956 'ਚ ਸਾਲ 2005 'ਚ ਸੋਧ ਕਰਕੇ ਬੇਟੀਆਂ ਨੂੰ ਜੱਦੀ ਜਾਇਦਾਦ ਦਾ ਬਰਾਬਰ ਹਿੱਸਾ ਲੈਣ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ। ਕੀ ਇਸ ਦੇ ਬਾਵਜੂਦ ਪਿਤਾ ਆਪਣੀ ਬੇਟੀ ਨੂੰ ਜੱਦੀ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਇਨਕਾਰ ਕਰ ਸਕਦਾ ਹੈ। ਆਓ ਜਾਣਦੇ ਹਾਂ ਕੀ ਕਹਿੰਦਾ ਹੈ ਕਾਨੂੰਨ...

1. ਜੱਦੀ ਜਾਇਦਾਦ

ਹਿੰਦੂ ਕਾਨੂੰਨ ਦੇ ਤਹਿਤ ਜਾਇਦਾਦ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ- ਜੱਦੀ ਅਤੇ ਖੁਦ ਦੀ ਕਮਾਈ। 

ਜੱਦੀ ਜਾਇਦਾਦ 'ਚ 4 ਪੀੜੀਆਂ ਪਹਿਲੇ ਤੱਕ ਮਰਦਾਂ ਦੀ ਅਜਿਹੀ ਕਮਾਈ ਜਾਇਦਾਦ ਆਉਂਦੀ ਹੈ ਜਿਸ ਦਾ ਕਿ ਕਦੇ ਬਟਵਾਰਾ ਨਹੀਂ ਹੋਇਆ। ਅਜਿਹੀ ਜਾਇਦਾਦ 'ਤੇ ਪੁੱਤਰ ਅਤੇ ਧੀਆਂ ਯਾਨੀ ਕਿ ਬੱਚਿਆਂ ਦਾ ਜਨਮਸਿੱਧ ਅਧਿਕਾਰ ਹੁੰਦਾ ਹੈ। 2005 ਤੋਂ ਪਹਿਲਾਂ ਅਜਿਹੀ ਜਾਇਦਾਦ 'ਤੇ ਸਿਰਫ ਬੇਟਿਆਂ ਦਾ ਅਧਿਕਾਰ ਹੁੰਦਾ ਸੀ। ਪਰ ਕਾਨੂੰਨ 'ਚ ਸੋਧ ਕਰਨ ਤੋਂ ਬਾਅਦ ਪਿਤਾ ਅਜਿਹੀ ਜਾਇਦਾਦ ਦਾ ਬਟਵਾਰਾ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਕਾਨੂੰਨ ਦੇ ਤਹਿਤ ਬੇਟੀ ਦੇ ਜਨਮ ਲੈਂਦੇ ਹੀ ਉਸਦਾ ਜੱਦੀ ਜਾਇਦਾਦ 'ਤੇ ਅਧਿਕਾਰ ਹੋ ਜਾਂਦਾ ਹੈ।

2. ਪਿਤਾ ਦੀ ਖੁਦ ਦੀ ਕਮਾਈ ਜਾਇਦਾਦ

ਖੁਦ ਕਮਾਈ ਜਾਇਦਾਦ ਦੇ ਮਾਮਲੇ ਵਿਚ ਬੇਟੀ ਦਾ ਪੱਖ ਕਮਜ਼ੋਰ ਹੁੰਦਾ ਹੈ। ਜੇਕਰ ਪਿਤਾ ਨੇ ਆਪਣੇ ਕਮਾਈ ਦੁਆਰਾ ਜ਼ਮੀਨ ਖਰੀਦੀ ਹੈ, ਮਕਾਨ ਬਣਵਾਇਆ ਹੈ ਜਾਂ ਖਰੀਦਿਆ ਹੈ ਤਾਂ ਉਹ ਜਿਸ ਨੂੰ ਚਾਹੇ ਜਾਇਦਾਦ ਦੇ ਸਕਦਾ ਹੈ। ਖੁਦ ਕਮਾਈ ਜਾਇਦਾਦ ਨੂੰ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਦੇਣਾ ਪਿਤਾ ਦਾ ਕਾਨੂੰਨੀ ਅਧਿਕਾਰ ਹੈ। ਯਾਨੀ ਕਿ ਜੇਕਰ ਪਿਤਾ ਨੇ ਬੇਟੀ ਨੂੰ ਖੁਦ ਦੀ ਜਾਇਦਾਦ ਵਿਚੋਂ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬੇਟੀ ਕੁਝ ਨਹੀਂ ਕਰ ਸਕਦੀ।

3. ਜੇਕਰ ਵਸੀਅਤ ਬਣਾਉਣ ਤੋਂ ਪਹਿਲਾਂ ਪਿਤਾ ਦੀ ਮੌਤ ਹੋ ਜਾਵੇ

ਜੇਕਰ ਵਸੀਅਤ ਲਿਖਣ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਵਾਰਿਸਾਂ ਨੂੰ ਉਨ੍ਹਾਂ ਦੀ ਜਾਇਦਾਦ 'ਚ ਬਰਾਬਰ ਦਾ ਅਧਿਕਾਰ ਮਿਲੇਗਾ। ਹਿੰਦੂ ਵਾਰਿਸ ਕਾਨੂੰਨ 'ਚ ਪੁਰਸ਼ ਵਾਰਿਸਾਂ ਨੂੰ 4 ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਅਤੇ ਪਿਤਾ ਦੀ4 ਜਾਇਦਾਦ 'ਤੇ ਪਹਿਲਾ ਹੱਕ ਪਹਿਲੀ ਸ਼੍ਰੇਣੀ ਦੇ ਵਾਰਿਸਾਂ ਦਾ ਹੁੰਦਾ ਹੈ। ਇਸ ਵਿਚ ਵਿਧਵਾ, ਬੇਟੀਆਂ ਅਤੇ ਬੇਟਿਆਂ ਦੇ ਨਾਲ-ਨਾਲ ਹੋਰ ਲੋਕ ਵੀ ਆਉਂਦੇ ਹਨ। ਹਰੇਕ ਵਾਰਿਸ ਦਾ ਜਾਇਦਾਦ 'ਚ ਬਰਾਬਰ ਦਾ ਹੱਕ ਹੁੰਦਾ ਹੈ। ਇਸ ਦਾ ਅਰਥ ਹੈ ਕਿ ਪਿਤਾ ਦੀ ਜਾਇਦਾਦ 'ਤੇ ਬੇਟੀ ਦੇ ਰੂਪ ਵਿਚ ਬੱਚੀ ਦਾ ਪੂਰਾ ਹੱਕ ਹੁੰਦਾ ਹੈ।

4. ਜੇਕਰ ਬੇਟੀ ਵਿਆਹੁਤਾ ਹੋਵੇ

2005 ਤੋਂ ਪਹਿਲਾਂ ਹਿੰਦੂ ਵਾਰਿਸ ਕਾਨੂੰਨ 'ਚ ਬੇਟੀਆਂ ਸਿਰਫ ਹਿੰਦੂ ਅਣਵੰਡੇ ਪਰਿਵਾਰ(HUF) ਦੀਆਂ ਮੈਂਬਰ ਮੰਨੀਆਂ ਜਾਂਦੀਆਂ ਸਨ ਯਾਨੀ ਕਿ ਬਰਾਬਰ ਦੀਆਂ ਵਾਰਿਸ ਨਹੀਂ ਹੁੰਦੀਆਂ ਸਨ। ਵਾਰਿਸ ਦਾਂ ਬਰਾਬਰ ਉੱਤਰਾਧਿਕਾਰੀ ਉਹ ਹੁੰਦੀਆਂ ਹਨ ਜਿਨ੍ਹਾਂ ਦਾ ਆਪਣੇ ਤੋਂ ਪਹਿਲਾਂ ਦੀਆਂ 4 ਪੀੜੀਆਂ ਦੀ ਅਣਵੰਡੀ ਜਾਇਦਾਦ 'ਤੇ ਹੱਕ ਹੁੰਦਾ ਹੈ। ਹਾਲਾਂਕਿ ਬੇਟੀ ਦੇ ਵਿਆਹ ਹੋ ਜਾਣ ਦੇ ਬਾਅਦ ਉਸਨੂੰ ਹਿੰਦੂ ਅਣਵੰਡੇ ਪਰਿਵਾਰ(HUF) ਦਾ ਵੀ ਹਿੱਸਾ ਨਹੀਂ ਮੰਨਿਆ ਜਾਂਦਾ ਹੈ। 

2005 ਦੀ ਸੋਧ ਦੇ ਬਾਅਦ ਬੇਟੀ ਨੂੰ ਬਰਾਬਰ ਦਾ ਵਾਰਿਸ ਮੰਨਿਆ ਗਿਆ ਹੈ। ਹੁਣ ਬੇਟੀ ਦੇ ਵਿਆਹ ਦਾ ਪਿਤਾ ਦੀ ਜਾਇਦਾਦ 'ਤੇ ਉਸਦੇ ਹੱਕ 'ਚ ਕੋਈ ਬਦਲਾਅ ਨਹੀਂ ਆਉਂਦਾ ਹੈ। ਯਾਨੀ ਕਿ ਵਿਆਹ ਤੋਂ ਬਾਅਦ ਵੀ ਬੇਟੀ ਦਾ ਪਿਤਾ ਦੀ ਜਾਇਦਾਦ 'ਤੇ ਅਧਿਕਾਰ ਹੁੰਦਾ ਹੈ।

5. 2005 ਤੋਂ ਪਹਿਲਾਂ ਪੈਦਾ ਹੋਈ ਬੇਟੀ, ਪਰ ਪਿਤਾ ਦੀ ਮੌਤ

ਹਿੰਦੂ ਉੱਤਰਾਧਿਕਾਰੀ ਕਾਨੂੰਨ 'ਚ ਹੋਈ ਸੋਧ 9 ਸਤੰਬਰ 2005 ਤੋਂ ਲਾਗੂ ਹੁੰਦੀ ਹੈ। ਕਾਨੂੰਨ ਕਹਿੰਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਹੈ ਕਿ ਬੇਟੀ ਦਾ ਜਨਮ ਇਸ ਤਾਰੀਖ ਤੋਂ ਪਹਿਲਾਂ ਹੋਇਆ ਹੈ ਜਾਂ ਬਾਅਦ 'ਚ। ਉਸਦਾ ਪਿਤਾ ਦੀ ਜਾਇਦਾਦ 'ਤੇ ਆਪਣੇ ਭਰਾਵਾਂ ਦੇ ਬਰਾਬਰ ਹੀ ਹਿੱਸਾ ਹੋਵੇਗਾ। ਫਿਰ ਭਾਵੇਂ ਉਹ ਜਾਇਦਾਦ ਜੱਦੀ ਹੋਵੇ ਜਾਂ ਫਿਰ ਪਿਤਾ ਵਲੋਂ ਕਮਾਈ ਗਈ ਹੋਵੇ। 

ਦੂਜੇ ਪਾਸੇ ਬੇਟੀ ਉਸ ਸਮੇਂ ਆਪਣੇ ਪਿਤਾ ਦੀ ਜਾਇਦਾਦ ਵਿਚ ਆਪਣੀ ਹਿੱਸੇਦਾਰੀ ਦਾ ਦਾਅਵਾ ਕਰ ਸਕਦੀ ਹੈ ਜਦੋਂ ਪਿਤਾ 9 ਸਤੰਬਰ 2005 ਨੂੰ ਜਿੰਦਾ ਰਿਹਾ ਹੋਵੇ। ਜੇਕਰ ਪਿਤਾ ਦੀ ਮੌਤ ਇਸ ਤਾਰੀਖ ਤੋਂ ਪਹਿਲਾਂ ਹੋ ਗਈ ਹੈ ਤਾਂ ਬੇਟੀ ਦਾ ਜੱਦੀ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਹੋਵੇਗਾ ਅਤੇ ਪਿਤਾ ਦੀ ਖੁਦ ਦੀ ਕਮਾਈ ਜਾਇਦਾਦ ਦਾ ਬਟਵਾਰਾ ਉਨ੍ਹਾਂ ਦੀ ਮਰਜ਼ੀ ਨਾਲ ਹੀ ਹੋਵੇਗਾ।


Related News