11ਵੀਂ ਦੀ ਵਿਦਿਆਰਥਣ ਨੇ ਨਿਕਾਹ ਕਰਵਾਇਆ ਤਾਂ ਸਕੂਲ ਨੇ ਪ੍ਰਵੇਸ਼ ''ਤੇ ਲਗਾ ਦਿੱਤੀ ਰੋਕ, ਆਖ਼ੀ ਇਹ ਗੱਲ

Wednesday, Aug 07, 2024 - 12:03 PM (IST)

ਅਲਮੋੜਾ- ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ 'ਚ 11ਵੀਂ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਦੇ ਨਿਕਾਹ ਕਰਨ 'ਤੇ ਸਕੂਲ ਪ੍ਰਸ਼ਾਸਨ ਨੇ ਨਿਯਮਿਤ ਪੜ੍ਹਾਈ ਲਈ ਉਸ ਨੂੰ ਸਕੂਲ 'ਚ ਪ੍ਰਵੇਸ਼ ਦੇਣ ਤੋਂ ਹੀ ਮਨ੍ਹਾ ਕਰ ਦਿੱਤਾ। ਹੁਣ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵਾਲੇ ਸਕੂਲ ਦੇ ਚੱਕਰ ਕੱਟ ਰਹੇ ਹਨ। ਕਾਲਜ ਪ੍ਰਸ਼ਾਸਨ ਹੁਣ ਉੱਚ ਅਧਿਕਾਰੀਂ ਤੋਂ ਮਨਜ਼ੂਰੀ ਮਿਲਣ 'ਤੇ ਉਸ ਨੂੰ ਜਮਾਤ 'ਚ ਬੈਠਣ ਦੇਣ ਦੀ ਗੱਲ ਕਹਿ ਰਿਹਾ ਹੈ। ਅਲਮੋੜਾ ਦੀ 19 ਸਾਲਾ ਸਿਮਰਨ, ਰਾਜਾ ਆਨੰਦ ਸਿੰਘ ਸਰਕਾਰੀ ਬਾਲਿਕਾ ਇੰਟਰ ਕਾਲਜ 'ਚ ਜਮਾਤ 11ਵੀਂ 'ਚ ਪੜ੍ਹਦੀ ਹੈ। 28 ਜੁਲਾਈ ਨੂੰ ਉਸ ਦਾ ਨਿਕਾਹ ਹੋਇਆ ਸੀ। 

ਨਿਕਾਹ ਤੋਂ ਬਾਅਦ ਉਹ ਸਕੂਲ ਪਹੁੰਚੀ ਤਾਂ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਉਸ ਨੂੰ ਜਮਾਤ 'ਚ ਬੈਠਣ ਦੀ ਮਨਜ਼ੂਰੀ ਨਹੀਂ ਦਿੱਤੀ। ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਵਿਆਹੁਤਾ ਵਿਦਿਆਰਥਣ ਨੂੰ ਨਿਯਮਿਤ ਰੂਪ ਨਾਲ ਜਮਾਤ 'ਚ ਨਹੀਂ ਬਿਠਾ ਸਕਦੇ ਹਨ। ਇਸ ਨਾਲ ਸਕੂਲ ਦਾ ਮਾਹੌਲ ਖ਼ਰਾਬ ਹੋਵੇਗਾ। ਸਿਮਰਨ ਨੂੰ ਪ੍ਰਾਈਵੇਟ ਹੀ ਸਿੱਖਿਆ ਲੈਣੀ ਹੋਵੇਗੀ। ਇਸ ਤੋਂ ਬਾਅਦ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਕਈ ਵਾਰ ਸਕੂਲ ਪ੍ਰਸ਼ਾਸਨ ਤੋਂ ਜਮਾਤ 'ਚ ਬੈਠਣ ਦੀ ਮਨਜ਼ੂਰੀ ਦੇਣ ਦੀ ਗੁਹਾਰ ਲਗਾਈ ਪਰ ਸੁਣਵਾਈ ਨਹੀਂ ਹੋਈ। ਸਿਮਰਨ ਨੇ ਅਪੀਲ ਵੀ ਕੀਤੀ ਕਿ ਉਹ ਸਾਰੇ ਨਿਯਮਾਂ ਦੀ ਪਾਲਣਾ ਕਰੇਗੀ। ਇਸ 'ਤੇ ਸਕੂਲ ਪ੍ਰਬੰਧਨ ਨੇ ਉਸ ਨੂੰ ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਲੈਣ ਦੀ ਗੱਲ ਕਹਿ ਦਿੱਤੀ। ਸਕੂਲ ਪ੍ਰਸ਼ਾਸਨ ਨਿਯਮਾਂ ਦਾ ਹਵਾਲਾ ਦੇ ਕੇ ਵਿਦਿਆਰਥਣ ਨੂੰ ਪ੍ਰਵੇਸ਼ ਨਹੀਂ ਦੇ ਰਿਹਾ ਹੈ ਪਰ ਪਰਿਵਾਰ ਵਾਲੇ ਜਦੋਂ ਅਜਿਹਾ ਨਿਯਮ ਦਿਖਾਉਣ ਲਈ ਕਹਿ ਰਹੇ ਹਨ ਤਾਂ ਦਿਖਾਇਆ ਨਹੀਂ ਜਾ ਰਿਹਾ। ਮੁੱਖ ਸਿੱਖਿਆ ਅਧਿਕਾਰੀ ਅੰਬਾ ਦੱਤ ਬਲੌਦੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਨਿਯਮਾਂ ਦੀ ਜਾਣਕਾਰੀ ਨਹੀਂ ਹੈ। ਪਤਾ ਕਰ ਕੇ ਦੱਸਦਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News