ਹੈਰਾਨੀਜਨਕ : 30 ਸਾਲ ਬਾਅਦ ਜਨਾਨੀ ਨੂੰ ਪਤਾ ਲੱਗਾ ਕਿ ਅਸਲ ''ਚ ਉਹ ਪੁਰਸ਼ ਹੈ

06/26/2020 3:15:01 PM

ਕੋਲਕਾਤਾ- ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੀ 30 ਸਾਲਾ ਇਕ ਵਿਆਹੁਤਾ ਜਨਾਨੀ ਨੂੰ ਪੇਟ ਦੇ ਹੇਠਲੇ ਹਿੱਸੇ 'ਚ ਦਰਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਹਸਪਤਾਲ ਲੈ ਗਏ। ਉੱਥੇ ਉਸ ਨੂੰ ਪਤਾ ਲੱਗਾ ਕਿ ਉਹ ਅਸਲ 'ਚ ਪੁਰਸ਼ ਹੈ ਅਤੇ ਉਸ ਦੇ ਅੰਡਕੋਸ਼ (ਟੈਸਟਿਕਲ) 'ਚ ਕੈਂਸਰ ਹੈ। ਜਨਾਨੀ ਪਿਛਲੇ 9 ਸਾਲ ਤੋਂ ਵਿਆਹੁਤਾ ਹੈ ਅਤੇ ਕੁਝ ਮਹੀਨੇ ਪਹਿਲਾਂ ਪੇਟ 'ਚ ਦਰਦ ਦੀ ਸ਼ਿਕਾਇਤ ਲੈ ਕੇ ਸ਼ਹਿਰ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਸਪਤਾਲ ਗਈ ਸੀ, ਜਿੱਥੇ ਡਾ. ਅਨੁਪਮ ਦੱਤਾ ਅਤੇ ਡਾ. ਸੌਮਨ ਦਾਸ ਵਲੋਂ ਮੈਡੀਕਲ ਜਾਂਚ ਕਰਨ 'ਤੇ ਜਨਾਨੀ ਦੀ ਅਸਲੀ ਪਛਾਣ ਸਾਹਮਣੇ ਆਈ। ਡਾ. ਦੱਤਾ ਨੇ ਕਿਹਾ,''ਦੇਖਣ 'ਚ ਉਹ ਜਨਾਨੀ ਹੈ। ਆਵਾਜ਼, ਛਾਤੀ, ਆਮ ਅੰਗ ਆਦਿ ਸਭ ਕੁਝ ਜਨਾਨੀ ਦੇ ਹਨ। ਹਾਲਾਂਕਿ ਉਸ ਦੇ ਸਰੀਰ 'ਚ ਜਨਮ ਤੋਂ ਹੀ ਬੱਚੇਦਾਨੀ ਅਤੇ ਅੰਡਾਸ਼ਯ (ਓਵਰੀਸ) ਨਹੀਂ ਹੈ। ਉਸ ਨੂੰ ਕਦੇ ਮਾਹਵਾਰੀ ਵੀ ਨਹੀਂ ਹੋਈ।''

ਉਨ੍ਹਾਂ ਨੇ ਕਿਹਾ ਕਿ ਇਹ ਦੁਰਲੱਭ ਸਥਿਤੀ ਹੈ ਅਤੇ ਤਕਰੀਬਨ 22,000 ਲੋਕਾਂ 'ਚੋਂ ਇਕ 'ਚ ਪਾਈ ਜਾਂਦੀ ਹੈ। ਹੈਰਾਨੀਜਨਕ ਰੂਪ ਨਾਲ ਉਕਤ ਜਨਾਨੀ ਦੀ 28 ਸਾਲਾ ਭੈਣ ਦੀ ਜਾਂਚ 'ਚ ਵੀ ਇਹੀ ਸਥਿਤੀ ਸਾਹਮਣੇ ਆਈ ਹੈ, ਜਿਸ 'ਚ ਵਿਅਕਤੀ ਜੇਨੇਟਿਕਲੀ ਪੁਰਸ਼ ਹੁੰਦਾ ਹੈ ਪਰ ਉਸ ਦੇ ਸਰੀਰ ਦੇ ਸਾਰੇ ਬਾਹਰੀ ਅੰਗ ਜਨਾਨੀ ਦੇ ਹੁੰਦੇ ਹਨ। ਡਾ. ਦੱਤਾ ਨੇ ਕਿਹਾ ਕਿ ਉਕਤ ਜਨਾਨੀ ਦੀ ਕੀਮੋਥੈਰੇਪੀ ਕੀਤੀ ਜਾ ਰਹੀ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਕਿਹਾ,''ਉਹ ਜਨਾਨੀ ਦੀ ਤਰ੍ਹਾਂ ਵੱਡੀ ਹੋਈ ਹੈ ਅਤੇ ਇਕ ਪੁਰਸ਼ ਨਾਲ ਲਗਭਗ ਇਕ ਦਹਾਕੇ ਤੱਕ ਵਿਆਹੁਤਾ ਜੀਵਨ ਬਿਤਾ ਚੁਕੀ ਹੈ। ਇਸ ਸਮੇਂ ਅਸੀਂ ਮਰੀਜ਼ ਅਤੇ ਉਸ ਦੇ ਪਤੀ ਦੀ ਕਾਊਂਸਲਿੰਗ ਕਰ ਰਹੇ ਹਾਂ ਅਤੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਉਸੇ ਤਰ੍ਹਾਂ ਜੀਵਨ ਬਿਤਾਉਣ, ਜਿਵੇਂ ਹੁਣ ਤੱਕ ਰਹੇ ਹਨ।'' ਡਾਕਟਰ ਨੇ ਕਿਹਾ ਕਿ ਮਰੀਜ਼ ਦੇ 2 ਹੋਰ ਰਿਸ਼ਤੇਦਾਰਾਂ ਨੂੰ ਵੀ ਪਹਿਲਾਂ ਇਹੀ ਸਮੱਸਿਆ ਰਹੀ ਹੈ, ਇਸ ਲਈ ਇਹ ਜੀਨ ਜਨਿਤ ਸਮੱਸਿਆ ਲੱਗ ਰਹੀ ਹੈ।


DIsha

Content Editor

Related News