ਵੋਟਰ ਕਾਰਡ ''ਤੇ ਲਗਾਈ ਕੁੱਤੇ ਦੀ ਫੋਟੋ, ਚੋਣ ਕਮਿਸ਼ਨ ''ਤੇ ਕੇਸ ਕਰੇਗਾ ਪੀੜਤ ਸ਼ਖਸ
Thursday, Mar 05, 2020 - 10:47 AM (IST)
ਕੋਲਕਾਤਾ— ਪੱਛਮੀ ਬੰਗਾਲ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਦੇ ਵੋਟਰ ਆਈ.ਡੀ. ਕਾਰਡ 'ਤੇ ਉਸ ਦੀ ਫੋਟੋ ਦੀ ਜਗ੍ਹਾ ਕੁੱਤੇ ਦੀ ਤਸਵੀਰ ਛਾਪ ਦਿੱਤੀ ਗਈ। ਇਸ ਨੂੰ ਲੈ ਕੇ ਸ਼ਖਸ ਨੇ ਭਾਰਤੀ ਚੋਣ ਕਮਿਸ਼ਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਮੁਰਸ਼ਿਦਾਬਾਦ ਜ਼ਿਲੇ ਦੇ ਰਾਮਨਗਰ ਪਿੰਡ ਵਾਸੀ 64 ਸਾਲਾ ਸੁਨੀਲ ਕਰਮਾਕਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰਾ ਪਛਾਣ ਪੱਤਰ ਬਣ ਕੇ ਆਇਆ ਸੀ ਪਰ ਉਸ 'ਚ ਕੁਝ ਗਲਤੀਆਂ ਸਨ, ਜਿਸ ਨੂੰ ਲੈ ਕੇ ਮੈਂ ਸੁਧਾਰ ਲਈ ਅਰਜ਼ੀ ਦਿੱਤੀ। ਮੰਗਲਵਾਰ ਨੂੰ ਜਦੋਂ ਨਵਾਂ ਕਾਰਡ ਆਇਆ ਤਾਂ ਉਸ 'ਚ ਮੇਰੀ ਫੋਟੋ ਦੀ ਜਗ੍ਹਾ ਕੁੱਤੇ ਦੀ ਤਸਵੀਰ ਲੱਗੀ ਹੋਈ ਸੀ।
ਅਪਮਾਨਤ ਕਰਨ ਲਈ ਕੀਤੀ ਇਹ ਗਲਤੀ
ਸੁਨੀਲ ਨੇ ਦੋਸ਼ ਲਗਾਇਆ ਕਿ ਨਵੇਂ ਆਈ.ਡੀ. ਕਾਰਡ 'ਤੇ ਇਹ ਗਲਤੀ ਜਾਣ ਬੁੱਝ ਕੇ ਕੀਤੀ ਗਈ ਹੈ ਤਾਂ ਕਿ ਮੈਨੂੰ ਅਪਮਾਨਤ ਕੀਤਾ ਜਾ ਸਕੇ। ਕਿਉਂਕਿ ਜਿਨ੍ਹਾਂ ਲੋਕਾਂ ਨੇ ਆਈ.ਡੀ. ਕਾਰਡ ਦੇਖਿਆ, ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ। ਇਸ ਲਈ ਮੈਂ ਚੋਣ ਕਮਿਸ਼ਨ ਨੂੰ ਕੋਰਟ 'ਚ ਘਸੀਟਣ ਦਾ ਫੈਸਲਾ ਲਿਆ ਹੈ।
ਕੁੱਤੇ ਦੀ ਫੋਟੋ ਕਿਵੇਂ ਛਪੀ ਜਾਣਕਾਰੀ ਨਹੀਂ
ਵੋਟਰ ਪਛਾਣ ਪੱਤਰ 'ਚ ਗਲਤੀਆਂ ਨੂੰ ਸੁਧਾਰਨ 'ਚ ਸ਼ਾਮਲ ਅਧਿਕਾਰੀ ਰਾਜਾਸ਼੍ਰੀ ਚੱਕਰਵਤੀ ਨੇ ਕਿਹਾ,''ਗਲਤੀ ਸੁਧਾਰਦੇ ਸਮੇਂ ਫੋਟੋ 'ਤੇ ਧਿਆਨ ਗਿਆ ਸੀ, ਜਿਸ ਨੂੰ ਬਾਅਦ 'ਚ ਸੁਧਾਰਿਆ ਵੀ ਗਿਆ ਸੀ। ਫਿਰ ਕੁੱਤੇ ਦੀ ਫੋਟੋ ਕਿਵੇਂ ਛਪੀ ਜਾਣਕਾਰੀ ਨਹੀਂ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਨਵਾਂ ਵੋਟਰ ਕਾਰਡ ਦੇ ਦਿੱਤਾ ਜਾਵੇਗਾ।