ਲਾਕਡਾਊਨ ਨੇ ਨੌਕਰੀ ਖੋਹੀ ਅਤੇ ਚੱਕਰਵਾਤ ਨੇ ਛੱਤ, ਪ੍ਰਵਾਸੀ ਮਜ਼ਦੂਰਾਂ ਦਾ ਹਾਲ

Thursday, May 21, 2020 - 06:13 PM (IST)

ਕੋਲਕਾਤਾ- ਪੱਛਮੀ ਬੰਗਾਲ 'ਚ ਪ੍ਰਵਾਸੀ ਮਜ਼ਦੂਰਾਂ 'ਤੇ ਦੋਹਰੀ ਮਾਰ ਪਈ ਹੈ। ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਨੇ ਮਜ਼ਦੂਰਾਂ ਦਾ ਰੋਜ਼ਗਾਰ ਖੋਹ ਲਿਆ ਅਤੇ ਚੱਕਰਵਾਤ ਅਮਫਾਨ ਨੇ ਉਨ੍ਹਾਂ ਦੇ ਸਿਰ ਤੋਂ ਛੱਤ ਵੀ ਖੋਹ ਲਈ। ਜਮਾਲ ਮੰਡਲ (45) ਸੋਮਵਾਰ ਨੂੰ ਬੈਂਗਲੁਰੂ ਤੋਂ ਦੱਖਣ 24 ਪਰਗਨਾ ਜ਼ਿਲੇ 'ਚ ਸਥਇਤ ਗ੍ਰਹਿ ਨਗਰ ਗੋਸਾਬਾ ਪਹੁੰਚੇ। ਉਹ ਆਪਣੇ ਪਰਿਵਾਰ ਨੂੰ ਮਿਲ ਕੇ ਕਾਫੀ ਖੁਸ਼ ਸਨ ਪਰ ਉਨ੍ਹਾਂ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ। ਬੁੱਧਵਾਰ ਰਾਤ ਚੱਕਰਵਾਤ ਅਮਫਾਨ ਕਾਰਨ ਉਨ੍ਹਾਂ ਦਾ ਮਿੱਟੀ ਦਾ ਘਰ ਰੁੜ ਗਿਆ। ਉਹ ਹੁਣ ਆਪਣੀ ਪਤਨੀ ਅਤੇ ਚਾਰ ਬੇਟੀਆਂ ਨਾਲ ਜ਼ਿਲੇ 'ਚ ਇਕ ਰਾਹਤ ਕੰਪਲੈਕਸ 'ਚ ਰਹਿ ਰਹੇ ਹਨ। ਮੰਡਲ ਨੇ ਇਕ ਸਮਾਚਾਰ ਚੈਨਲ ਨੂੰ ਕਿਹਾ,''ਸੋਮਵਾਰ ਨੂੰ ਜਦੋਂ ਮੈਂ ਘਰ ਪਹੁੰਚਿਆ ਮੈਂ ਸੋਚਿਆ ਕਿ ਮੇਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਪਰ ਮੈਂ ਗਲਤ ਸੀ। ਲਾਕਡਾਊੁਨ ਕਾਰਨ ਮੇਰੀ ਨੌਕਰੀ ਗਈ ਅਤੇ ਥੋੜ੍ਹਾ ਬਹੁਤ ਜੋ ਕੁਝ ਮੇਰੇ ਕੋਲ ਸੀ, ਚੱਕਰਵਾਤ ਸਭ ਕੁਝ ਲੈ ਗਿਆ। ਮੈਨੂੰ ਨਹੀਂ ਪਤਾ, ਹੁਣ ਮੈਂ ਕੀ ਕਰਾਂਗਾ, ਮੈਂ ਕਿੱਥੇ ਰਹਾਂਗਾ ਅਤੇ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰਾਂਗਾ।''

ਦੱਖਣ 24 ਪਰਗਨਾ ਦੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਦੀ ਇਹੀ ਕਹਾਣੀ ਹੈ, ਜਿਨ੍ਹਾਂ ਦੀ ਲਾਕਡਾਊਨ ਕਾਰਨ ਨੌਕਰੀ ਚੱਲੀ ਗਈ ਹੈ ਅਤੇ ਚੱਕਰਵਾਤ ਕਾਰਨ ਉਨ੍ਹਾਂ ਕੋਲ ਹੁਣ ਕੁਝ ਨਹੀਂ ਬੱਚਿਆ ਹੈ। ਪੱਛਮੀ ਬੰਗਾਲ 'ਚ ਅਮਫਾਨ ਨਾਲ ਘੱਟੋ-ਘੱਟ 72 ਲੋਕਾਂ ਦੀ ਮੌਤ ਹੋਈ ਹੈ ਅਤੇ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ 'ਚ ਤਬਾਹੀ ਮਚੀ ਹੈ। ਜ਼ਮੀਰ ਅਲੀ (35) ਅਨੁਸਾਰ 2009 'ਚ ਆਏ ਚੱਕਰਵਾਤ ਏਲਾ ਦੀ ਤਬਾਹੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਦੇ 7 ਮੈਂਬਰਾਂ ਦਾ ਪੇਟ ਪਾਲਣ ਲਈ ਦੂਜੇ ਸੂਬੇ ਜਾ ਕੇ ਕੰਮ ਲੱਭਣ ਦਾ ਫੈਸਲਾ ਕੀਤਾ ਸੀ।

ਉਨ੍ਹਾਂ ਨੇ ਕਿਹਾ,''ਏਲਾ ਤੋਂ ਬਾਅਦ, ਮੈਂ ਕੰਮ ਦੀ ਤਲਾਸ਼ 'ਚ ਬੈਂਗਲੁਰੂ ਜਾਣ ਦਾ ਫੈਸਲਾ ਕੀਤਾ ਸੀ। ਮੈਂ 10 ਸਾਲ ਤੱਕ ਇਕ ਰਾਜਮਿਸਤਰੀ ਦਾ ਕੰਮ ਕੀਤਾ ਪਰ ਲਾਕਡਾਊਨ ਕਾਰਨ ਮੈਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। 15 ਦਿਨਾਂ ਤੱਕ ਪੈਦਲ, ਟਰੱਕ ਅਤੇ ਬੱਸ ਦੀ ਯਾਤਰਾ ਤੋਂ ਬਾਅਦ ਮੰਗਲਵਾਰ ਨੂੰ ਘਰ ਪਹੁੰਚਣ 'ਚ ਕਾਮਯਾਬੀ ਮਿਲੀ।'' ਅਲੀ ਦਾ ਘਰ ਬੁੱਧਵਾਰ ਰਾਤ ਨੂੰ ਤਬਾਹ ਹੋ ਗਿਆ। ਉਨ੍ਹਾਂ ਦੇ ਭਰਾ ਦਾ ਕੁਝ ਪਤਾ ਨਹੀਂ ਹੈ, ਜੋ ਨਦੀ ਕਿਨਾਰੇ ਕਿਸ਼ਤੀ ਨੂੰ ਬੰਨ੍ਹਣ ਗਿਆ ਸੀ। ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਚੱਕਰਵਾਤ ਤੋਂ ਬਾਅਦ ਬਹੁਤ ਸਾਰੇ ਲੋਕ ਸੁੰਦਰਬਨ ਖੇਤਰ ਤੋਂ ਬਾਹਰ ਰੋਜ਼ਗਾਰ ਦੀ ਤਲਾਸ਼ 'ਚ ਜਾਣਗੇ।


DIsha

Content Editor

Related News