ਪੱਛਮੀ ਬੰਗਾਲ : ਜਨਮ ਅਸ਼ਟਮੀ ਉਤਸਵ ਦੌਰਾਨ ਮੰਦਰ ਦੀ ਕੰਧ ਡਿੱਗਣ ਨਾਲ 4 ਦੀ ਮੌਤ, 27 ਜ਼ਖਮੀ
Friday, Aug 23, 2019 - 12:52 PM (IST)

ਕੋਲਕਾਤਾ— ਪੱਛਮੀ ਬੰਗਾਲ 'ਚ ਸ਼ੁੱਕਰਵਾਰ ਨੂੰ ਇਕ ਮੰਦਰ ਦੀ ਕੰਧ ਢਹਿਣ ਕਾਰਨ ਮਲਬੇ 'ਚ ਦੱਬ ਕੇ 4 ਲੋਕਾਂ ਦੀ ਮੌਤ ਹੋ ਗਈ। ਘਟਨਾ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲੇ 'ਚ ਹੋਈ, ਜਿੱਥੇ ਸੈਂਕੜੇ ਸ਼ਰਧਾਲੂ ਜਨਮ ਅਸ਼ਟਮੀ ਮੌਕੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਥੇ ਮੰਦਰ ਦੀ ਕੰਧ ਢਹਿ ਗਈ, ਜਿਸ ਦੇ ਮਲਬੇ 'ਚ ਕਈ ਸ਼ਰਧਾਲੂ ਦੱਬ ਗਏ।
ਕੰਧ ਢਹਿਣ ਨਾਲ ਭੱਜ-ਦੌੜ ਦੀ ਸਥਿਤੀ ਹੋਈ ਪੈਦਾ
ਸੂਤਰਾਂ ਅਨੁਸਾਰ ਉੱਤਰੀ 24 ਪਰਗਨਾ ਦੇ ਕਾਚੁਆ ਇਲਾਕੇ 'ਚ ਸਥਿਤ ਲੋਕਨਾਥ ਮੰਦਰ 'ਚ ਸ਼ੁੱਕਰਵਾਰ ਨੂੰ ਕਈ ਸ਼ਰਧਾਲੂ ਜਨਮ ਅਸ਼ਟਮੀ ਦੇ ਉਤਸਵ ਲਈ ਇਕੱਠੇ ਹੋਏ ਸਨ। ਇਸੇ ਦੌਰਾਨ ਮੰਦਰ ਕੈਂਪਸ ਦੀ ਇਕ ਖਸਤਾ ਕੰਧ ਢਹਿ ਗਈ ਅਤੇ ਕਈ ਸ਼ਰਧਾਲੂ ਇਸ ਦੀ ਲਪੇਟ 'ਚ ਆ ਗਏ। ਕੰਧ ਢਹਿਣ ਨਾਲ ਉੱਥੇ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਣ ਦੌੜਨ ਲੱਗੇ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਜ਼ਿਲੇ ਦੇ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਮਮਤਾ ਬੈਨਰਜੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕਈ ਹੋਰ ਜ਼ਖਮੀ ਹੋਏ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਲਾਜ ਲਈ ਪੂਰੇ ਇੰਤਜ਼ਾਮ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪੱਛਮੀ ਬੰਗਾਲ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਇਕ ਲੱਖ ਅਤੇ ਜ਼ਖਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।