CAB ਖਿਲਾਫ ਪੱਛਮੀ ਬੰਗਾਲ 'ਚ ਪ੍ਰਦਰਸ਼ਨ, ਟ੍ਰੇਨਾਂ-ਬੱਸਾਂ ਬੰਦ

Sunday, Dec 15, 2019 - 12:48 PM (IST)

CAB ਖਿਲਾਫ ਪੱਛਮੀ ਬੰਗਾਲ 'ਚ ਪ੍ਰਦਰਸ਼ਨ, ਟ੍ਰੇਨਾਂ-ਬੱਸਾਂ ਬੰਦ

ਕੋਲਕਾਤਾ—ਪੱਛਮੀ ਬੰਗਾਲ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹਿੰਸਕ ਵਿਰੋਧ ਤੇਜ਼ ਹੁੰਜਾ ਜਾ ਰਿਹਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਪੀਲ ਦੇ ਬਾਵਜੂਦ ਅੱਗ ਲਗਾਉਣ ਅਤੇ ਹਿੰਸਕ ਘਟਨਾਵਾਂ ਨਹੀਂ ਰੁਕ ਰਹੀਆਂ। ਹਿੰਸਕ ਪ੍ਰਦਰਸ਼ਨਾਂ ਕਾਰਨ ਸੂਬੇ ਦੇ ਚਾਰ ਜ਼ਿਲ੍ਹੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਵਿਰੋਧ ਕਰ ਰਹੇ ਲੋਕਾਂ ਦੇ ਨਿਸ਼ਾਨੇ 'ਤੇ ਬੱਸਾਂ, ਟ੍ਰੇਨਾਂ, ਪੁਲਸ ਦੀਆਂ ਗੱਡੀਆਂ ਅਤੇ ਰੇਲਵੇ ਸਟੇਸ਼ਨ ਹਨ। ਕਈ ਥਾਵਾਂ 'ਤੇ ਪੁਲਸ ਨਾਲ ਹਿੰਸਕ ਝੜਪਾਂ ਦੀ ਵੀ ਜਾਣਕਾਰੀ ਮਿਲੀ ਹੈ। ਹਿੰਸਕ ਪ੍ਰਦਰਸ਼ਨਾਂ ਦੇ ਕਾਰਨ ਲੰਬੀ ਦੂਰੀ ਦੀਆਂ 28 ਤੋਂ ਜ਼ਿਆਦਾ ਟ੍ਰੇਨਾਂ ਨੂੰ ਰੱਦ ਕੀਤੀਆਂ ਗਈਆਂ। ਸਥਿਤੀ ਨੂੰ ਕੰਟਰੋਲ 'ਚ ਕਰਨ ਲਈ ਪੁਲਸ ਦੀਆਂ ਵੱਡੀਆਂ ਟੁਕੜੀਆਂ ਮੌਕੇ 'ਤੇ ਭੇਜੀਆਂ ਗਈਆਂ।

ਦੱਸਣਯੋਗ ਹੈ ਕਿ ਸੂਬੇ ਦੇ 4 ਜ਼ਿਲਿਆਂ 'ਚ ਤਣਾਅ ਦੇ ਹਾਲਾਤ ਹਨ। ਮੁਰਸ਼ਿਦਾਬਾਦ, ਹਾਵੜਾ, ਮਾਲਦਾ ਅਤੇ ਉਤਰ 24 ਪਰਗਨਾ ਜ਼ਿਲਿਆਂ 'ਚ ਹਿੰਸਾ ਜਾਰੀ ਹੈ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ 17 ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ 5 ਹੋਰ ਟ੍ਰੇਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹਿੰਸਾ ਦੌਰਾਨ ਪੁਲਸ ਦੀਆਂ ਗੱਡੀਆਂ ਅਤੇ ਫਾਇਰ ਬ੍ਰਿਗੇਡ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਹੀ ਅੱਧਾ ਦਰਜਨ ਰੇਲਵੇ ਸਟੇਸ਼ਨਾਂ 'ਚ ਭੰਨ-ਤੋੜ ਕੀਤੀ ਗਈ। ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਕਾਫੀ ਝੜਪਾਂ ਵੀ ਹੋਈਆ।

ਜ਼ਿਕਰਯੋਗ ਹੈ ਕਿ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਨੂੰਨ ਤੋੜਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਸ਼ਾਂਤੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਆਫਿਸ ਰਾਹੀਂ ਬਿਆਨ ਜਾਰੀ ਕੀਤਾ ਗਿਆ, ''ਕਾਨੂੰਨ ਆਪਣੇ ਹੱਥ 'ਚ ਨਾ ਲਉ। ਸੜਕ ਬੰਦ ਕਰਨ ਜਾਂ ਟ੍ਰੇਨਾਂ ਰੋਕ ਕੇ ਸੜਕਾਂ 'ਤੇ ਪ੍ਰਦਰਸ਼ਨ ਕਰਨ ਨਾਲ ਪਰੇਸ਼ਾਨੀਆਂ ਨਾ ਪੈਦਾ ਕਰਨ। ਸਰਕਾਰੀ ਸੰਪੱਤੀ ਨੂੰ ਨੁਕਸਾਨ ਨਾ ਪਹੁੰਚਾਓ, ਗੜਬੜੀ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


author

Iqbalkaur

Content Editor

Related News