ਪੱਛਮੀ ਬੰਗਾਲ ਦੇ ਸਾਲਟ ਲੇਕ ਸਮੇਤ ਕਈ ਵੱਡੇ ਸ਼ਹਿਰ ਸੁੰਗੜ ਰਹੇ : GSI

10/20/2019 10:50:37 PM

ਕੋਲਕਾਤਾ — ਭਾਰਤੀ ਭੂ ਵਿਗਿਆਨਕ ਸਰਵੇਖਣ (ਜੀ. ਐੱਸ. ਆਈ.) ਦੇ ਇਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਕੋਲਕਾਤਾ ਦੇ ਪੂਰਬ ’ਚ ਸਥਿਤ ਸਾਲਟ ਲੇਕ ਖੇਤਰ ਸਾਵਧਾਨ ਕਰਨ ਵਾਲੀ ਦਰ ਨਾਲ ਸੁੰਗੜ ਰਿਹਾ ਹੈ। ਜੀ. ਐੱਸ. ਆਈ. ਦੇ ਡਾਇਰੈਕਟਰ ਸੰਦੀਪ ਸੋਮ ਨੇ ਕਿਹਾ ਕਿ ਸਾਲਟ ਲੇਕ ਦਾ ਇਕ ਵੱਡਾ ਹਿੱਸਾ ਪਾਣੀ ਤੇ ਝੀਲਾਂ ਦੇ ਝਰਨਿਆਂ ਦੇ ਭਰਨ ਨਾਲ ਬਣਿਆ ਹੈ। ਇਹ ਇਲਾਕਾ ਧਰਤੀ ਹੇਠਲੇ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਦੇ ਸੁੰਗੜਨ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਗੁਆਂਢੀ ਸ਼ਹਿਰ ਕੋਲਕਾਤਾ ਦੇ ਕਈ ਹਿੱਸੇ ਵੀ ਸੁੰਗੜ ਰਹੇ ਹਨ। ਜੀ. ਐੱਸ. ਆਈ. ਦੇ ਸਾਲਟ ਲੇਕ ਦਫਤਰ ’ਚ ਪਿਛਲੇ ਢਾਈ ਸਾਲਾਂ ’ਚ ਦਰਜ ਕੀਤੇ ਡਾਟਾ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਹ ਇਲਾਕਾ ਲਗਭਗ 19-20 ਮਿਲੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਸੁੰਗੜ ਰਿਹਾ ਹੈ।

ਸੋਮ ਨੇ ਕਿਹਾ ਕਿ ਕਿਉਂਕਿ ਇਹ 300 ਕਿਲੋਮੀਟਰ ਦੇ ਘੇਰੇ ਅੰਦਰ ਡਾਟਾ ਲੈਣ ਦੇ ਯੋਗ ਹੈ, ਇਸ ਲਈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੋਲਕਾਤਾ ਸੁੰਗੜ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਕਮੀ ਕਾਰਣ ਜਾਂ ਟੈਕਟੋਨਿਕ ਪਲੇਟਾਂ ਦੀਆਂ ਗਤੀਵਿਧੀਆਂ ਕਾਰਣ ਜ਼ਮੀਨ ਸੁੰਗੜ ਸਕਦੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੂਰੇ ਦੇਸ਼ ਦੇ ਕਈ ਵੱਡੇ ਸ਼ਹਿਰ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜੈਪੁਰ, ਦੇਹਰਾਦੂਨ, ਹੈਦਰਾਬਾਦ ਤੇ ਬੇਂਗਲੂਰੂ ਵੀ ਸੁੰਗੜ ਰਹੇ ਹਨ। ਡਾਟਾ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਿਮਾਲਿਆ ਦਾ ਪੂਰਾ ਹੇਠਲਾ ਹਿੱਸਾ ਤੇ ਇਸ ਨਾਲ ਲੱਗਦੇ ਇਲਾਕੇ ਵੀ ਵੱਖ-ਵੱਖ ਦਰਾਂ ਨਾਲ ਸੁੰਗੜ ਰਹੇ ਹਨ। ਹਾਲਾਂਕਿ ਹਿਮਾਲਿਆ ਪਰਬਤ ਲੜੀ ਦੀ ਉਚਾਈ ਵੱਧ ਰਹੀ ਹੈ, ਪਟਨਾ ਤੇ ਨਾਗਪੁਰ ਦੀ ਉਚਾਈ (ਸਮੁੰਦਰ ਤਲ ਤੋਂ) ਵੀ ਵੱਧ ਰਹੀ ਹੈ। ਇਹ ਸਭ ਟੈਕਟੋਨਿਕ ਪਲੇਟਾਂ ਕਾਰਣ ਹੋ ਰਿਹਾ ਹੈ। ਜੀ. ਐੱਸ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਇਸ ਮਾਮਲੇ ’ਚ ਜੈਪੁਰ ਤੇ ਸਾਲਟ ਲੇਕ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹਨ। ਪੱਛਮੀ ਤੱਟ ਵੀ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ ਤੇ ਤਿਰੂਵਨੰਤਪੁਰਮ ਤੇ ਪੁਣੇ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।


Inder Prajapati

Content Editor

Related News