ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
Tuesday, Nov 10, 2020 - 06:25 PM (IST)
ਬੈਂਗਲੁਰੂ- ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਤਾਲਾਕਡ 'ਚ ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾਉਣ ਦੌਰਾਨ ਹੋਏ ਹਾਦਸੇ 'ਚ 28 ਸਾਲਾ ਨੌਜਵਾਨ ਅਤੇ ਉਸ ਦੀ ਮੰਗੇਤਰ ਦੀ ਕਾਵੇਰੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸੋਮਵਾਰ ਨੂੰ ਉਦੋਂ ਹੋਇਆ ਜਦੋਂ ਇਕ ਡੋਂਗੀ (ਇਕ ਤਰ੍ਹਾਂ ਦੀ ਗੋਲ ਕਿਸ਼ਤੀ) 'ਚ ਸਵਾਰ 20 ਸਾਲਾ ਕੁੜੀ ਤਸਵੀਰ ਖਿੱਚਵਾਉਣ ਦੌਰਾਨ ਸੰਤੁਲਨ ਵਿਗੜਨ ਕਾਰਨ ਨਦੀ 'ਚ ਡਿੱਗ ਗਈ। ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਨੌਜਵਾਨ ਦੀ ਵੀ ਮੌਤ ਹੋ ਗਈ। ਪੁਲਸ ਅਨੁਸਾਰ, ਠੇਕੇਦਾਰ ਚੰਦਰੂ ਅਤੇ ਸ਼ਸ਼ੀਕਲਾ ਦਾ ਇਸ ਮਹੀਨੇ ਦੇ ਅੰਤ 'ਚ ਵਿਆਹ ਹੋਣ ਵਾਲਾ ਸੀ। ਉਹ ਆਪਣੇ ਰਿਸ਼ਤੇਦਾਰਾਂ ਅਤੇ ਫੋਟੋਗ੍ਰਾਫਰਾਂ ਨਾਲ ਵਿਆਹ ਤੋਂ ਪਹਿਲਾਂ ਫੋਟੋਸ਼ੂਟ ਲਈ ਮੁਡੁਕਥੋਰੇ 'ਚ ਮਲਿਕਾਰਜੁਨ ਸਵਾਮੀ ਮੰਦਰ ਗਏ ਸਨ।
ਇਹ ਵੀ ਪੜ੍ਹੋ : ਅਜਬ ਗਜਬ: ਪ੍ਰੇਮੀ ਨਾਲ ਵਿਆਹ ਕਰਾਉਣ ਦੀ ਜ਼ਿੱਦ 'ਚ ਨਾਬਾਲਗ ਪ੍ਰੇਮਿਕਾ ਦਾ ਅਨੋਖਾ ਕਾਰਾ
ਉੱਥੋਂ ਆਉਂਦੇ ਸਮੇਂ ਉਨ੍ਹਾਂ ਨੇ ਤਾਲਾਕਾਡੂ 'ਚ ਡੋਂਗੀ 'ਤੇ ਕਾਵੇਰੀ ਨਦੀ 'ਚ ਕੁਝ ਤਸਵੀਰਾਂ ਖਿੱਚਵਾਉਣ ਦਾ ਫੈਸਲਾ ਕੀਤਾ। ਉੱਥੇ ਉਹ ਚੰਦਰੂ ਦੇ ਦੋਸਤ ਨਾਲ ਡੋਂਗੀ 'ਚ ਸਵਾਰ ਹੋ ਗਏ। ਨਦੀ ਦਰਮਿਆਨ ਸ਼ਸ਼ੀਕਲਾ ਡੋਂਗੀ 'ਚ ਖੜ੍ਹੀ ਹੋ ਗਈ ਅਤੇ ਇਸੇ ਦੌਰਾਨ ਸੰਤੁਲਨ ਵਿਗੜਨ ਕਾਰਨ ਨਦੀ 'ਚ ਡਿੱਗ ਗਈ। ਚੰਦਰੂ ਨੇ ਵੀ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਪੁਲਸ ਨੇ ਕਿਹਾ ਕਿ ਦੋਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਡੁੱਬ ਗਏ। ਡੋਂਗੀ ਚਾਲਕ ਕਿਸੇ ਤਰ੍ਹਾਂ ਸੁਰੱਖਿਅਤ ਕਿਨਾਰੇ 'ਤੇ ਆਇਆ, ਜਦੋਂ ਕਿ ਉੱਥੇ ਮੌਜੂਦ ਕੁਝ ਹੋਰ ਲੋਕਾਂ ਨੇ ਚੰਦਰੂ ਦੇ ਦੋਸਤ ਨੂੰ ਕਿਸੇ ਤਰ੍ਹਾਂ ਬਚਾ ਲਿਆ।
ਇਹ ਵੀ ਪੜ੍ਹੋ : ਤੇਲੰਗਾਨਾ 'ਚ ਭਿਆਨਕ ਸੜਕ ਹਾਦਸਾ, ਕਾਰ ਪਲਟਣ ਨਾਲ 6 ਲੋਕਾਂ ਦੀ ਮੌਤ